ਧੀਰਜ ਦੀ ਸੰਪੂਰਨਤਾ: ਕਸ਼ਾਂਤੀਪਰਮੀਤਾ

"ਧੀਰਜ ਇਕ ਗੁਣ ਹੈ," ਜਿਵੇਂ ਕਿ ਕਹਾਵਤ ਹੈ। ਇਸ ਲਈ, ਕੀ ਸਾਨੂੰ ਸਿਰਫ ਮੁਸਕਰਾਉਣਾ ਅਤੇ ਸਭ ਕੁਝ ਸਹਿਣਾ ਹੋਵੇਗਾ? ਬੁੱਧ ਧਰਮ ਵਿਚ ਧੀਰਜ ਅਜਿਹਾ ਸ਼ਕਤੀਸ਼ਾਲੀ ਅਭਿਆਸ ਹੈ ਜਿਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬੱਸ ਚੀਜ਼ਾਂ ਬਰਦਾਸ਼ਤ ਕਰਦੇ ਰਹੀਏ, ਬਲਕਿ ਇਹ ਕਿ ਸਾਨੂੰ ਸਰਗਰਮੀ ਨਾਲ ਆਪਣੇ ਮਨ ਉੱਤੇ ਕੰਮ ਕਰਨਾ ਹੁੰਦਾ ਹੈ ਤਾਂ ਕਿ ਯਕੀਨੀ ਬਣਾਇਆ ਜਾਵੇ ਕਿ ਇਹ ਪਰੇਸ਼ਾਨ ਕਰਨ ਵਾਲੇ ਜਜ਼ਬਾਤਾਂ ਦਾ ਸ਼ਿਕਾਰ ਨਾ ਹੋ ਜਾਏ। ਧੀਰਜ ਸਾਨੂੰ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਲਾਭ ਪਹੁੰਚਾਉਣ ਲਈ ਕੰਮ ਕਰਨ ਦੀ ਤਾਕਤ ਦਿੰਦਾ ਹੈ, ਅਤੇ ਇਹ ਅਜਿਹਾ ਕਾਰਕ ਹੈ ਜੋ ਸਾਨੂੰ ਮੁਕਤੀ ਅਤੇ ਪ੍ਰਕਾਸ਼ ਪ੍ਰਾਪਤੀ ਵੱਲ ਧੱਕਦਾ ਹੈ।

ਜਾਣ-ਪਛਾਣ

ਛੇ ਦੂਰ-ਦੁਰਾਡੇ ਰਵੱਈਏ (ਸੰਪੂਰਨਤਾ) ਵਿਚੋਂ ਤੀਜਾ ਧੀਰਜ ਹੈ, ਮਨ ਦੀ ਅਜਿਹੀ ਸਥਿਤੀ ਜਿੱਥੇ ਅਸੀਂ ਗੁੱਸੇ ਨਹੀਂ ਹੁੰਦੇ, ਪਰ ਇਸ ਦੀ ਬਜਾਏ ਵੱਖ-ਵੱਖ ਮੁਸ਼ਕਲਾਂ ਅਤੇ ਦੁੱਖਾਂ ਨੂੰ ਸਹਿਣ ਕਰਨ ਦੇ ਯੋਗ ਹੁੰਦੇ ਹਾਂ। ਅਸੀਂ ਦੂਜਿਆਂ ਤੋਂ ਹੋਣ ਵਾਲੇ ਹਰ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰ ਸਕਦੇ ਹਾਂ, ਪਰ ਇਹ ਸਾਨੂੰ ਪਰੇਸ਼ਾਨ ਨਹੀਂ ਕਰਦਾ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਡੇ ਹੁਣ ਕੋਈ ਦੁਸ਼ਮਣ ਜਾਂ ਅਜਿਹੇ ਲੋਕ ਨਹੀਂ ਹਨ ਜੋ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਸਦਾ ਮਤਲਬ ਹੈ ਕਿ ਅਸੀਂ ਗੁੱਸੇ, ਨਿਰਾਸ਼, ਪਰੇਸ਼ਾਨ ਨਹੀਂ ਹੁੰਦੇ, ਜਾਂ ਉਨ੍ਹਾਂ ਦੀ ਮਦਦ ਕਰਨ ਤੋਂ ਝਿਜਕਦੇ ਨਹੀਂ ਹਾਂ। ਜੇ ਅਸੀਂ ਹਮੇਸ਼ਾ ਆਪਣਾ ਆਪਾ ਖੋ ਬੈਠੀਏ, ਤਾਂ ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਇਸ ਰਵੱਈਏ ਵਿੱਚ ਤਿੰਨ ਤਰ੍ਹਾਂ ਦੇ ਧੀਰਜ ਹਨ:

ਜੋ ਨੁਕਸਾਨ ਪਹੁੰਚਾਉਂਦੇ ਹਨ ਉਹਨਾਂ ਤੋ ਪਰੇਸ਼ਾਨ ਨਾ ਹੋਣਾ

ਪਹਿਲੀ ਕਿਸਮ ਦਾਧੀਰਜ ਉਨ੍ਹਾਂ ਲੋਕਾਂ ਤੋਂ ਗੁੱਸੇ ਜਾਂ ਪਰੇਸ਼ਾਨ ਨਾ ਹੋਣਾ ਹੈ ਜੋ ਨੁਕਸਾਨ ਪਹੁੰਚਾਉਂਦੇ ਹਨ। ਇਹ ਸਿਰਫ ਨਕਾਰਾਤਮਕ ਕੰਮ ਕਰਨ ਵਾਲੇ ਲੋਕਾਂ ਬਾਰੇ ਨਹੀਂ ਹੈ, ਬਲਕਿ ਉਹਨਾਂ ਬਾਰੇ ਵੀ ਹੈ ਜੋ ਅਸਲ ਵਿੱਚ ਸਾਡੇ ਨਾਲ ਬਦਸਲੂਕੀ ਕਰਦੇ ਹਨ, ਸਾਡੇ ਨਾਲ ਬੁਰਾ ਵਿਵਹਾਰ ਕਰਦੇ ਹਨ, ਅਤੇ ਵਾਕਿਈ ਸਾਨੂੰ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦੇ ਹਨ। ਇਸ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਸਾਡਾ ਧੰਨਵਾਦ ਜਾਂ ਕਦਰ ਨਹੀਂ ਕਰਦੇ। ਖ਼ਾਸਕਰ ਜੇ ਅਸੀਂ ਦੂਜਿਆਂ ਦੀ ਮਦਦ ਕਰ ਰਹੇ ਹਾਂ, ਇਹ ਮਹੱਤਵਪੂਰਣ ਹੈ ਕਿ ਉਨ੍ਹਾਂ ਨਾਲ ਗੁੱਸੇ ਨਾ ਹੋਵੋ ਜੇ ਉਹ ਸਾਡੀ ਸਲਾਹ ਨਹੀਂ ਲੈਂਦੇ ਜਾਂ ਜੇ ਇਹ ਕੰਮ ਨਹੀਂ ਕਰਦਾ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਮਦਦ ਕਰਨਾ ਬਹੁਤ ਮੁਸ਼ਕਲ ਹੈ, ਅਤੇ ਇਸ ਲਈ ਆਪਣਾ ਧੀਰਜ ਗੁਆਉਣ ਦੀ ਬਜਾਏ, ਸਾਨੂੰ ਸ਼ਾਮਲ ਸਾਰੀਆਂ ਮੁਸ਼ਕਲਾਂ ਨੂੰ ਸਹਿਣ ਕਰਨ ਦੀ ਜ਼ਰੂਰਤ ਹੈ।

ਜੇ ਅਸੀਂ ਅਧਿਆਪਕ ਹਾਂ, ਤਾਂ ਸਾਨੂੰ ਆਪਣੇ ਵਿਦਿਆਰਥੀਆਂ ਨਾਲ ਆਪਣਾ ਧੀਰਜ ਕਦੇ ਨਹੀਂ ਗੁਆਉਣਾ ਚਾਹੀਦਾ, ਚਾਹੇ ਕੋਈ ਕਿੰਨਾ ਵੀ ਧੀਮਾ ਜਾਂ ਬੇਵਕੂਫ ਹੋਣ। ਇਹ ਸਾਡੇ ਉੱਤੇ ਨਿਰਭਰ ਕਰਦਾ ਹੈ, ਭਾਵੇਂ ਅਸੀਂ ਧਰਮ ਬਾਰੇ ਸਿਖਾ ਰਹੇ ਹਾਂ ਜਾਂ ਕੁਝ ਹੋਰ, ਧੀਰਜ ਰੱਖਣਾ ਅਤੇ ਨਿਰਾਸ਼ ਨਾ ਹੋਣਾ। ਇਹ ਬੱਚੇ ਨੂੰ ਸਿਖਾਉਣ ਵਰਗਾ ਹੈ: ਸਾਨੂੰ ਹੁਨਰਮੰਦ ਹੋਣ ਦੀ ਲੋੜ ਹੁੰਦੀ ਹੈ; ਅਸੀਂ ਇੱਕ ਬੱਚੇ ਤੋਂ ਬਾਲਗ ਵਾਂਗ ਤੇਜ਼ੀ ਨਾਲ ਸਿੱਖਣ ਦੀ ਉਮੀਦ ਨਹੀਂ ਕਰ ਸਕਦੇ।

ਦੁੱਖ ਸਹਿਣਾ

ਦੂਜੀ ਕਿਸਮ ਦਾ ਧੀਰਜ ਸਾਡੇ ਆਪਣੇ ਦੁੱਖਾਂ ਨੂੰ ਸਵੀਕਾਰ ਕਰਨਾ ਅਤੇ ਸਹਿਣਾ ਹੈ, ਕੁਝ ਅਜਿਹਾ ਜਿਸ ਬਾਰੇ ਸ਼ਾਂਤੀਦੇਵ ਬਹੁਤ ਬੋਲੇ ਹਨ। ਉਹ ਕਹਿੰਦੇ ਹਨ ਕਿ ਜੇ ਸਾਨੂੰ ਕੋਈ ਸਮੱਸਿਆ ਹੈ ਜਿਸ ਨੂੰ ਹੱਲ ਕੀਤਾ ਜਾ ਸਕਦਾ ਹੈ, ਤਾਂ ਗੁੱਸੇ, ਪਰੇਸ਼ਾਨ ਜਾਂ ਚਿੰਤਤ ਹੋਣ ਦਾ ਕੋਈ ਮਤਲਬ ਨਹੀਂ ਹੈ। ਬਸ ਇਸ ਨੂੰ ਹੱਲ ਕਰਨ ਦੀ ਹੀ ਲੋੜ ਹੈ। ਪਰ, ਜੇ ਸਥਿਤੀ ਬਾਰੇ ਕੁਝ ਨਾ ਕੀਤਾ ਜਾ ਸਕਦਾ, ਹੋਵੇ, ਫਿਰ ਗੁੱਸੇ ਕਿਉਂ ਹੋਣਾ? ਇਸ ਨਾਲ ਕੋਈ ਮੱਦਦ ਨਹੀਂ ਹੁੰਦੀ। ਇਹ ਇਸ ਤਰ੍ਹਾਂ ਹੈ ਜਿਵੇਂ ਇਹ ਠੰਡ ਹੋਵੇ ਅਤੇ ਅਸੀਂ ਗਰਮ ਕੱਪੜੇ ਪਾਏ ਹੋਣ। ਸ਼ਿਕਾਇਤ ਕਿਉਂ ਕਰਨੀ ਹੈ ਅਤੇ ਗੁੱਸੇ ਕਿਉਂ ਹੋਣਾ ਹੈ ਕਿ ਠੰਡ ਬਹੁਤ ਹੈ, ਜਦਕਿ ਅਸੀਂ ਹੋਰ ਕੱਪੜੇ ਪਾ ਸਕਦੇ ਹਾਂ? ਜੇ ਸਾਡੇ ਕੋਲ ਗਰਮ ਕੱਪੜੇ ਨਹੀਂ ਹਨ, ਤਾਂ ਗੁੱਸੇ ਜਾਂ ਪਰੇਸ਼ਾਨ ਹੋਂਣ ਨਾਲ ਸਾਨੂੰ ਨਿੱਘ ਤਾਂ ਨਹੀਂ ਮਿਲੇਗਾ।

ਅਸੀਂ ਉਸ ਦੁੱਖ ਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਜਿਸਦਾ ਅਸੀਂ ਅਨੁਭਵ ਕਰਦੇ ਹਾਂ ਜਿਵੇਂ ਨਕਾਰਾਤਮਕ ਰੁਕਾਵਟਾਂ ਖਤਮ ਹੋ ਰਹੀਆਂ ਹਨ, ਖੁਸ਼ ਹੋਵੋ ਕਿ ਨਕਾਰਾਤਮਕ ਕਰਮ ਹੁਣ ਪੱਕ ਗਿਆ ਹੈ, ਨਾ ਕਿ ਭਵਿੱਖ ਵਿੱਚ ਜਦੋਂ ਇਹ ਹੋਰ ਵੀ ਬੁਰਾ ਹੋ ਸਕਦਾ ਸੀ। ਇੱਕ ਅਰਥ ਵਿੱਚ, ਅਸੀਂ ਆਰਾਮ ਨਾਲ ਬਚ ਕੇ ਨਿਕਲ ਆਏ ਹਾਂ। ਮੰਨ ਲਓ ਕਿ ਸਾਡਾ ਪੈਰ ਮੇਜ਼ ਵਿੱਚ ਵੱਜਦਾ ਹੈ ਅਤੇ ਇਹ ਸੱਚਮੁੱਚ ਦਰਦਨਾਕ ਹੈ – ਖੈਰ, ਇਹ ਵਧੀਆ ਹੈ, ਕਿਉਂਕਿ ਸਾਡੀ ਲੱਤ ਤਾਂ ਨਹੀਂ ਟੁੱਟੀ! ਅਜਿਹੀ ਸੋਚ ਸਾਨੂੰ ਗੁੱਸੇ ਨਾ ਹੋਣ ਵਿੱਚ ਮਦਦ ਕਰ ਸਕਦੀ ਹੈ। ਆਖਿਰਕਾਰ, ਐਵੇਂ ਟੱਪੀ ਜਾਣਾ ਅਤੇ ਇਸ ਗੱਲ ਦਾ ਮੁੱਦਾ ਖੜ੍ਹਾ ਕਰਨਾ ਕਿ ਸਾਡੇ ਪੈਰ ਨੂੰ ਸੱਟ ਲੱਗ ਗਈ ਹੈ ਥੋੜ੍ਹੀ ਜਿਹੀ ਵੀ ਮਦਦ ਨਹੀਂ ਕਰਦਾ। ਭਾਵੇਂ ਸਾਡੀ ਮੰਮੀ ਆ ਜਾਏਹੈ ਅਤੇ ਸਾਡੇ ਲਈ ਇਸ ਨੂੰ ਚੁੰਮੇ, ਇਸ ਸਭ ਨਾਲ ਕੁੱਝ ਵੀ ਬਿਹਤਰ ਨਹੀਂ ਹੋਵੇਗਾ!

ਇਕ ਹੋਰ ਬਿੰਦੂ ਉਦੋਂ ਲਾਗੂ ਹੁੰਦਾ ਹੈ ਜਦੋਂ ਅਸੀਂ ਬਹੁਤ ਸਕਾਰਾਤਮਕ ਅਤੇ ਉਸਾਰੂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ, ਜਿਵੇਂ ਕਿ ਲੰਬੇ ਸਮੇਂ ਲਈ ਘੁੰਮਣ ਜਾਣਾ, ਦੂਜਿਆਂ ਦੀ ਮਦਦ ਕਰਨ ਲਈ ਯਾਤਰਾ 'ਤੇ ਜਾਣਾ, ਜਾਂ ਕਿਸੇ ਧਰਮ ਪ੍ਰੋਜੈਕਟ ਉੱਤੇ ਕੰਮ ਕਰਨਾ। ਜੇ ਸ਼ੁਰੂਆਤ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਅਤੇ ਮੁਸ਼ਕਲਾਂ ਹਨ, ਤਾਂ ਇਹ ਯਕੀਨਨ ਬਹੁਤ ਵਧੀਆ ਹੈ। ਇਹ ਸਾਰੀਆਂ ਰੁਕਾਵਟਾਂ ਨੂੰ ਖਤਮ ਕਰਨ ਵਰਗਾ ਹੁੰਦਾ ਹੈ ਤਾਂ ਜੋ ਅੱਗੇ ਚੱਲ ਕੇ ਕੰਮ ਚੰਗੀ ਤਰ੍ਹਾਂ ਚੱਲ ਸਕੇ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਹ ਹੁਣੇ ਖਤਮ ਹੋ ਰਹੀਆਂ ਹਨ, ਅਤੇ ਬਾਅਦ ਵਿੱਚ ਇੱਕ ਵੱਡੀ ਸਮੱਸਿਆ ਨਹੀਂ ਬਣਨਗੀਆਂ।

ਸ਼ਾਂਤੀਦੇਵ ਨੇ ਕਿਹਾ ਕਿ ਦੁੱਖ ਅਤੇ ਸਮੱਸਿਆਵਾਂ ਵਿੱਚ ਚੰਗੇ ਗੁਣ ਵੀ ਹੁੰਦੇ ਹਨ।  ਇਸਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਬਾਹਰ ਜਾਣਾ ਚਾਹੀਦਾ ਹੈ ਅਤੇ ਸਰਗਰਮੀ ਨਾਲ ਆਪਣੇ ਆਪ ਨੂੰ ਤਸੀਹੇ ਦੇਣ ਲਈ ਸਮੱਸਿਆਵਾਂ ਲੱਭਣੀਆਂ ਚਾਹੀਦੀਆਂ ਹਨ, ਬਲਕਿ ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਕਈ ਚੰਗੇ ਗੁਣ ਹੁੰਦੇ ਹਨ ਜਿਨ੍ਹਾਂ ਦੀ ਅਸੀਂ ਕਦਰ ਕਰ ਸਕਦੇ ਹਾਂ। ਦੁੱਖ ਸਾਡੇ ਹੰਕਾਰ ਨੂੰ ਘੱਟ ਕਰਦਾ ਹੈ ਅਤੇ ਸਾਨੂੰ ਨਿਮਰ ਬਣਾ ਦਿੰਦਾ ਹੈ। ਇਹ ਸਾਨੂੰ ਹੋਰਾਂ ਲਈ ਹਮਦਰਦੀ ਦਾ ਵਿਕਾਸ ਕਰਨ ਦੀ ਵੀ ਆਗਿਆ ਦਿੰਦਾ ਹੈ ਜੋ ਇਸ ਕਿਸਮ ਦੀਆਂ ਸਮੱਸਿਆਵਾਂ ਨੂੰ ਸਹਿ ਰਹੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਕਿਸੇ ਖਾਸ ਬਿਮਾਰੀ ਨਾਲ ਸੰਕਰਮਿਤ ਹੋਈਏ, ਤਾਂ ਸਾਡੇ ਅੰਦਰ ਆਪਣੇ ਸਾਥੀ ਪੀੜਤਾਂ ਲਈ ਕੁਦਰਤੀ ਤੌਰ ‘ਤੇ ਕਦਰ ਅਤੇ ਹਮਦਰਦੀ ਪੈਦਾ ਹੋ ਜਾਂਦੀ ਹੈ। ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ, ਤਾਂ ਹੀ ਅਸੀਂ ਆਖਰਕਾਰ ਬੁਢਾਪੇ ਦੇ ਦਰਦ ਨੂੰ ਸਮਝ ਸਕਦੇ ਹਾਂ। ਅਸੀਂ ਆਮ ਤੌਰ 'ਤੇ ਬਜ਼ੁਰਗਾਂ ਲਈ ਹਮਦਰਦੀ ਨਹੀਂ ਰੱਖਦੇ ਜਦੋਂ ਅਸੀਂ 16 ਸਾਲ ਦੇ ਹੁੰਦੇ ਹਾਂ, ਕਿਉਂਕਿ ਅਸੀਂ ਮੁਸ਼ਕਿਲ ਨਾਲ ਸਮਝ ਸਕਦੇ ਹਾਂ ਕਿ 70 ਸਾਲ ਦਾ ਹੋਣਾ ਕਿਵੇਂ ਹੁੰਦਾ ਹੈ। ਪਰ ਜਦੋਂ ਅਸੀਂ ਬੁਢਾਪੇ ਤੱਕ ਪਹੁੰਚਦੇ ਹਾਂ ਅਤੇ ਇਸ ਸਭ ਦਾ ਅਨੁਭਵ ਕਰਦੇ ਹਾਂ, ਤਾਂ ਸਾਡੇ ਕੋਲ ਬਜ਼ੁਰਗਾਂ ਲਈ ਬਹੁਤ ਦਇਆ ਅਤੇ ਸਮਝ ਪੈਦਾ ਹੋ ਜਾਂਦੀ ਹੈ।

ਇਸ ਤੋਂ ਇਲਾਵਾ, ਜੇ ਸਾਡੇ ਕੋਲ ਵਿਵਹਾਰਕ ਕਾਰਨ ਅਤੇ ਪ੍ਰਭਾਵ ਦੀ ਕੁਝ ਸਮਝ ਹੈ - ਕਰਮ - ਫਿਰ ਜਦੋਂ ਵੀ ਅਸੀਂ ਦੁੱਖ ਝੱਲਦੇ ਹਾਂ, ਤਾਂ ਇਹ ਸਾਨੂੰ ਵਿਨਾਸ਼ਕਾਰੀ ਕੰਮ ਕਰਨ ਤੋਂ ਬਚਣ ਦੀ ਯਾਦ ਦਿਵਾਉਂਦਾ ਹੈ। ਕਿਉਂ? ਸਿਰਫ ਇਸ ਲਈ ਕਿ ਨਕਾਰਾਤਮਕ ਕੰਮ ਕਰਨਾ ਦੁੱਖ ਦਾ ਕਾਰਨ ਹੈ। ਇਹ ਸਾਨੂੰ ਉਸਾਰੂ ਕਿਰਿਆਵਾਂ ਪ੍ਰਤੀ ਵਧੇਰੇ ਜ਼ੋਰ ਨਾਲ ਸ਼ਾਮਲ ਹੋਣ ਲਈ ਉਤਸ਼ਾਹਤ ਕਰੇਗਾ, ਜੋ ਖੁਸ਼ਹਾਲੀ ਦਾ ਕਾਰਨ ਹਨ।

ਧਰਮ ਦੀ ਖਾਤਿਰ ਮੁਸ਼ਕਿਲਾਂ ਝੇਲਣੀਆਂ

ਤੀਜੀ ਕਿਸਮ ਦਾ ਧੀਰਜ ਧਰਮ ਦਾ ਅਧਿਐਨ ਕਰਨ ਅਤੇ ਅਭਿਆਸ ਕਰਨ ਵਿਚ ਸ਼ਾਮਲ ਮੁਸ਼ਕਲਾਂ ਨੂੰ ਸਹਿਣਾ ਹੈ। ਪ੍ਰਕਾਸ਼ ਪ੍ਰਾਪਤੀ ਤੱਕ ਪਹੁੰਚਣ ਲਈ ਬਹੁਤ ਸਾਰਾ ਕੰਮ ਅਤੇ ਯਤਨ ਲੱਗੇਗਾ, ਅਤੇ ਸਾਨੂੰ ਇਸ ਬਾਰੇ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਨਿਰਾਸ਼ ਨਾ ਹੋਈਏ: ਸਾਨੂੰ ਆਪਣੇ ਆਪ ਨਾਲ ਧੀਰਜ ਰੱਖਣ ਦੀ ਜ਼ਰੂਰਤ ਹੈ।

ਇਹ ਸਮਝਣਾ ਅਤੇ ਸਵੀਕਾਰ ਕਰਨਾ ਮਹੱਤਵਪੂਰਨ ਹੈ ਕਿ ਸੰਸਾਰ ਦੀ ਪ੍ਰਕਿਰਤੀ ਇਹ ਹੈ ਕਿ ਇਹ ਉੱਪਰ ਅਤੇ ਹੇਠਾਂ ਹੁੰਦੀ ਰਹਿੰਦੀ ਹੈ, ਨਾ ਸਿਰਫ ਉੱਚੇ ਅਤੇ ਹੇਠਲੇ ਪੁਨਰ ਜਨਮ ਦੇ ਰੂਪ ਵਿੱਚ, ਬਲਕਿ ਆਮ ਤੌਰ ‘ਤੇ, ਹਰ ਸਮੇਂ। ਕਈ ਵਾਰ ਅਸੀਂ ਅਭਿਆਸ ਕਰਨਾ ਪਸੰਦ ਕਰਦੇ ਹਾਂ, ਅਤੇ ਕਈ ਵਾਰ ਨਹੀਂ। ਕਈ ਵਾਰ ਸਾਡਾ ਅਭਿਆਸ ਵਧੀਆ ਚੱਲਦਾ ਹੈ, ਅਤੇ ਕਈ ਵਾਰ ਨਹੀਂ। ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ? ਇਹੀ ਸੰਸਾਰ ਹੈ, ਆਖਰਕਾਰ। ਇਹ ਹਰ ਦਿਨ ਬਿਹਤਰ ਅਤੇ ਬਿਹਤਰ ਨਹੀਂ ਹੁੰਦਾ, ਇਸ ਲਈ ਸਾਨੂੰ ਧੀਰਜ ਰੱਖਣ ਦੀ ਜ਼ਰੂਰਤ ਹੈ ਅਤੇ ਹਾਰ ਮੰਨਣ ਦੀ ਜ਼ਰੂਰਤ ਨਹੀਂ ਹੈ ਜਦੋਂ ਕੋਈ ਦਿਨ ਯੋਜਨਾ ਅਨੁਸਾਰ ਨਾ ਜਾਏ। ਸ਼ਾਇਦ ਅਸੀਂ ਸੋਚਿਆ ਹੋਵੇਗਾ ਕਿ ਅਸੀਂ ਪਹਿਲਾਂ ਹੀ ਗੁੱਸੇ ਨਾਲ ਨਜਿੱਠ ਲਿਆ ਹੈ ਅਤੇ ਦੁਬਾਰਾ ਕਦੇ ਗੁੱਸੇ ਨਹੀਂ ਹੋਵਾਂਗੇ, ਪਰ ਅਚਾਨਕ ਕੁਝ ਅਜਿਹਾ ਵਾਪਰਦਾ ਹੈ ਅਤੇ ਅਸੀਂ ਆਪਣਾ ਆਪਾ ਗੁਆ ਬੈਠਦੇ ਹਾਂ। ਖੈਰ, ਅਜਿਹਾ ਹੁੰਦਾ ਹੈ। ਅਸੀਂ ਗੁੱਸੇ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾ ਰਹੇ ਜਦੋਂ ਤੱਕ ਅਸੀਂ ਅਰਹਤ ਵਜੋਂ ਆਜ਼ਾਦ ਨਹੀਂ ਹੋ ਜਾਂਦੇ। ਇਸ ਲਈ, ਧੀਰਜ ਕੁੰਜੀ ਹੈ

ਧੀਰਜ ਵਿਕਸਿਤ ਕਰਨ 'ਤੇ ਸ਼ਾਂਤੀਦੇਵ

ਸ਼ਾਂਤੀਦੇਵ ਬੋਧੀਸੱਤਾ ਵਿਵਹਾਰ ਵਿੱਚ ਸ਼ਾਮਲ ਹੋਣ ਵਿੱਚ ਧੀਰਜ ਵਿਕਸਿਤ ਕਰਨ ਦੇ ਕਈ ਤਰੀਕਿਆਂ ਬਾਰੇ ਦੱਸਦੇ ਹਨ। ਆਓ ਕੁਝ ਉਦਾਹਰਣਾਂ ਵੇਖੀਏ:

ਜੇ ਅਸੀਂ ਅੱਗ ਵਿਚ ਜਾਂ ਸਟੋਵ 'ਤੇ ਆਪਣਾ ਹੱਥ ਸਾੜਦੇ ਹਾਂ, ਤਾਂ ਅਸੀਂ ਸੜਣ ਲਈ ਅੱਗ 'ਤੇ ਗੁੱਸੇ ਨਹੀਂ ਹੋ ਸਕਦੇ। ਇਹ ਅੱਗ ਦਾ ਸੁਭਾਅ ਹੈ। ਇਸੇ ਤਰ੍ਹਾਂ, ਅਸੀਂ ਸੰਸਾਰ ਤੋਂ ਕੀ ਉਮੀਦ ਕਰ ਸਕਦੇ ਹਾਂ? ਬੇਸ਼ੱਕ, ਲੋਕ ਸਾਨੂੰ ਨਿਰਾਸ਼ ਕਰਨਗੇ, ਲੋਕ ਸਾਨੂੰ ਦੁੱਖ ਦਿੰਦੇ ਰਹਿਣਗੇ, ਅਤੇ ਚੀਜ਼ਾਂ ਮੁਸ਼ਕਲ ਹੋ ਜਾਣਗੀਆਂ। ਜੇ ਅਸੀਂ ਕਿਸੇ ਨੂੰ ਸਾਡੇ ਲਈ ਕੋਈ ਕੰਮ ਕਰਨ ਲਈ ਕਹਿੰਦੇ ਹਾਂ, ਤਾਂ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਇਸ ਨੂੰ ਗਲਤ ਤਰੀਕੇ ਨਾਲ ਵੀ ਕਰ ਸਕਦੇ ਹਨ। ਜੇ ਉਹ ਇਸ ਨੂੰ ਸਾਡੇ ਵਰਗੇ ਤਰੀਕੇ ਨਾਲ ਨਹੀਂ ਕਰਦੇ, ਤਾਂ ਇਹ ਕਿਸ ਦੀ ਗਲਤੀ ਹੈ? ਇਹ ਸਾਡੀ ਆਪਣੀ ਗਲਤੀ ਹੈ ਕਿ ਅਸੀਂ ਆਲਸੀ ਸੀ ਕਿ ਅਸੀਂ ਆਪ ਨਹੀਂ ਕੀਤਾ ਅਤੇ ਉਹਨਾਂ ਨੂੰ ਕਰਨ ਨੂੰ ਕਿਹਾ। ਜੇ ਗੁੱਸਾ ਕਰਨਾ ਹੀ ਹੈ, ਤਾਂ ਸਾਨੂੰ ਆਪਣੇ ਆਲਸ ਨਾਲ ਗੁੱਸੇ ਹੋਣਾ ਚਾਹੀਦਾ ਹੈ!

"ਅਸੀਂ ਸੰਸਾਰ ਤੋਂ ਕੀ ਉਮੀਦ ਕਰ ਸਕਦੇ ਹਾਂ" ਇੱਕ ਮਦਦਗਾਰ ਵਾਕ ਹੈ ਜੋ ਸਾਰੇ ਵੱਖ-ਵੱਖ ਕਿਸਮਾਂ ਦੇ ਧੀਰਜ ਯਾਦ ਰੱਖਣ ਲਈ ਵਰਤਿਆ ਜਾ ਸਕਦਾ ਹੈ ਜਿਸਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ। ਕੀ ਅਸੀਂ ਇਹ ਸੋਚਦੇ ਹਾਂ ਕਿ ਜ਼ਿੰਦਗੀ ਸੌਖੀ ਹੋਵੇਗੀ ਅਤੇ ਹਰ ਚੀਜ਼ ਚੰਗੀ ਤਰ੍ਹਾਂ ਕੰਮ ਕਰੇਗੀ, ਹਮੇਸ਼ਾ ਅਤੇ ਹਮੇਸ਼ਾ ਲਈ? ਸਾਡੇ ਜੀਵਨ ਦੇ ਹਰ ਪਲ ਦੀ ਪ੍ਰਕਿਰਤੀ ਸੰਸਾਰ ਹੈ - ਅਤੇ ਇਹ ਬੇਕਾਬੂ ਤੌਰ ‘ਤੇ ਦੁਹਰਾਏ ਜਾਣ ਵਾਲੇ ਦੁੱਖਾਂ ਅਤੇ ਸਮੱਸਿਆਵਾਂ ਦੇ ਬਰਾਬਰ ਹੈ। ਇਸ ਲਈ, ਜਦੋਂ ਚੀਜ਼ਾਂ ਉਸ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ, ਜਾਂ ਲੋਕ ਸਾਨੂੰ ਦੁਖੀ ਕਰਦੇ ਹਨ ਜਾਂ ਨਿਰਾਸ਼ ਕਰਦੇ ਹਨ, ਹੈਰਾਨ ਨਾ ਹੋਵੋ। ਅਸੀਂ ਹੋਰ ਕੀ ਉਮੀਦ ਕਰ ਸਕਦੇ ਹਾਂ? ਇਹੀ ਕਾਰਨ ਹੈ ਕਿ ਅਸੀਂ ਇਸ ਤੋਂ ਬਾਹਰ ਨਿਕਲਣਾ ਚਾਹੁੰਦੇ ਹਾਂ।

ਇਹ ਅਜਿਹੀ ਸ਼ਿਕਾਇਤ ਕਰਨ ਵਰਗਾ ਹੈ ਕਿ ਸਰਦੀ ਦੀ ਰੁੱਤ ਵਿੱਚ ਕਿੰਨੀ ਠੰਡ ਅਤੇ ਹਨੇਰਾ ਹੁੰਦਾ ਹੈ। ਕੀ ਅਸੀਂ ਸਰਦੀਆਂ ਤੋਂ ਇਹ ਉਮੀਦ ਕਰਦੇ ਹਾਂ ਕਿ ਇਹ ਸੁੰਦਰ ਅਤੇ ਗਰਮ ਹੋਣ ਅਤੇ ਅਸੀਂ ਸੂਰਜ ਦੀ ਰੋਸ਼ਨੀ ਦਾ ਆਨੰਦ ਲੈਣ ਦੇ ਯੋਗ ਹੋਈਏ?! ਜਿਵੇਂ ਅੱਗ ਦੀ ਪ੍ਰਕਿਰਤੀ ਤਾਪ ਹੈ, ਅਤੇ ਅਸੀਂ ਆਪਣਾ ਹੱਥ ਸਾੜ ਲਵਾਂਗੇ ਜੇ ਅਸੀਂ ਆਪਣਾ ਹੱਥ ਅੱਗ ਵਿੱਚ ਪਾਉਂਦੇ ਹਾਂ, ਸਰਦੀ ਦੀ ਰੁੱਤ ਵੀ ਹਨੇਰੀ ਅਤੇ ਠੰਢੀ ਹੀ ਹੋਵੇਗੀ। ਗੁੱਸੇ ਹੋਣ ਦਾ ਕੋਈ ਮਤਲਬ ਹੀ ਨਹੀਂ ਹੈ।

ਇਕ ਹੋਰ ਤਰੀਕਾ ਜੋ ਸ਼ਾਂਤੀਦੇਵ ਸੁਝਾਅ ਦਿੰਦੇ ਹਨ ਉਹ ਇਹ ਹੈ ਕਿ ਦੂਜੇ ਲੋਕਾਂ ਨੂੰ ਇਸ ਤਰ੍ਹਾਂ ਵੇਖਣਾ ਜਿਵੇਂ ਉਹ ਪਾਗਲ ਇੰਨਸਾਨ ਜਾਂ ਬੱਚੇ ਹੋਣ। ਜੇ ਕੋਈ ਪਾਗਲ ਜਾਂ ਸ਼ਰਾਬੀ ਵਿਅਕਤੀ ਸਾਡੇ 'ਤੇ ਚਿਲਾਉਂਦਾ ਹੈ, ਤਾਂ ਅਸੀਂ ਵਧੇਰੇ ਪਾਗਲ ਹੋਵਾਂਗੇ ਜੇ ਅਸੀਂ ਵਾਪਿਸ ਚਿਲਾਵਾਂਗੇ, ਹੈ ਨਾ? ਜੇ ਸਾਡਾ ਦੋ ਸਾਲ ਦਾ ਬੱਚਾ ਚੀਕਦਾ ਹੈ, " ਮੈਂ ਤੁਹਾਨੂੰ ਨਫ਼ਰਤ ਕਰਦਾ ਹਾਂ!” ਜਦੋਂ ਅਸੀਂ ਟੈਲੀਵਿਜ਼ਨ ਬੰਦ ਕਰ ਦਿੰਦੇ ਹਾਂ ਅਤੇ ਉਨ੍ਹਾਂ ਨੂੰ ਸੌਣ ਲਈ ਭੇਜਦੇ ਹਾਂ, ਕੀ ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਗੁੱਸੇ ਅਤੇ ਪਰੇਸ਼ਾਨ ਹੋ ਜਾਂਦੇ ਹਾਂ ਕਿ ਸਾਡਾ ਬੱਚਾ ਸਾਨੂੰ ਨਫ਼ਰਤ ਕਰਦਾ ਹੈ? ਨਹੀਂ, ਕਿਉਂਕਿ ਉਹ ਇਕ ਬੱਚਾ ਹੈ। ਜੇ ਅਸੀਂ ਹੋਰ ਲੋਕਾਂ ਨੂੰ ਦੇਖ ਸਕੀਏ ਜੋ ਭੱਦੇ ਢੰਗ ਨਾਲ ਵਿਵਹਾਰ ਕਰ ਰਹੇ ਹਨ ਜਿਵੇਂ ਕਿ ਉਹ ਗੁੱਸਾ ਕਰਨ ਵਾਲਾ ਬੱਚਾ ਜਾਂ ਇੱਕ ਪਾਗਲ ਵਿਅਕਤੀ ਹੋਵੇ, ਤਾਂ ਇਹ ਅਸਲ ਵਿੱਚ ਸਾਡੀ ਮਦਦ ਕਰਦਾ ਹੈ ਕਿ ਉਨ੍ਹਾਂ ਉੱਤੇ ਗੁੱਸੇ ਨਾ ਹੋਈਏ।

ਇਸ ਤੋਂ ਇਲਾਵਾ, ਜੇ ਕਿਸੇ ਕਰਕੇ ਸਾਨੂੰ ਸੱਚਮੁੱਚ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਨ੍ਹਾਂ ਨੂੰ ਸਾਡੇ ਅਧਿਆਪਕ ਵਜੋਂ ਵੇਖਣਾ ਬਹੁਤ ਮਦਦਗਾਰ ਹੁੰਦਾ ਹੈ। ਸਾਡੇ ਸਾਰਿਆਂ ਕੋਲ ਅਜਿਹਾ ਬਹੁਤ ਤੰਗ ਕਰਨ ਵਾਲਾ ਵਿਅਕਤੀ ਹੁੰਦਾ ਹੈ ਜਿਸ ਤੋਂ ਬਚਿਆ ਨਹੀਂ ਜਾ ਸਕਦਾ, ਹੈ ਨਾ? ਖੈਰ, ਜਦੋਂ ਅਸੀਂ ਉਨ੍ਹਾਂ ਨਾਲ ਹੁੰਦੇ ਹਾਂ, ਸਾਨੂੰ ਸੋਚਣਾ ਚਾਹੀਦਾ ਹੈ, "ਇਹ ਵਿਅਕਤੀ ਮੇਰੇ ਧੀਰਜ ਦਾ ਅਧਿਆਪਕ ਹੈ।” ਦਰਅਸਲ, ਜੇ ਲੋਕ ਸਾਨੂੰ ਪਰੇਸ਼ਾਨ ਨਾ ਕਰਨ ਜਾਂ ਸਾਨੂੰ ਮੁਸ਼ਕਲ ਸਮੇਂ ਵਿੱਚ ਨਾ ਧਕੇਲਣ, ਤਾਂ ਅਸੀਂ ਕਦੇ ਵੀ ਸਬਰ ਨਹੀਂ ਸਿੱਖ ਸਕਾਂਗੇ। ਸਾਨੂੰ ਕਦੇ ਵੀ ਚੁਣੌਤੀ ਨਹੀਂ ਦਿੱਤੀ ਜਾਵੇਗੀ, ਅਤੇ ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਇਹ ਲੋਕ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨ ਵਾਲੇ ਬਹੁਤ ਦਿਆਲੂ ਵਿਅਕਤੀ ਹਨ। ਦਲਾਈ ਲਾਮਾ ਹਮੇਸ਼ਾ ਕਹਿੰਦੇ ਹਨ ਕਿ ਚੀਨੀ ਆਗੂ ਉਨ੍ਹਾਂ ਦੇ ਅਧਿਆਪਕ ਹਨ, ਅਤੇ ਮਾਓ ਜ਼ੇਦੌਂਗ ਉਨ੍ਹਾਂ ਦੇ ਧੀਰਜ ਦਾ ਸਭ ਤੋਂ ਵੱਡਾ ਅਧਿਆਪਕ ਸੀ। 

ਸੰਖੇਪ

ਹਰ ਦਿਨ ਜਦੋਂ ਅਸੀਂ ਸੰਸਾਰ ਵਿੱਚ ਫਸੇ ਹੋਏ ਹਾਂ, ਅਸੀਂ ਸਮੱਸਿਆਵਾਂ ਅਤੇ ਨਿਰਾਸ਼ਾ ਦਾ ਸਾਹਮਣਾ ਕਰਾਂਗੇ। ਕਈ ਵਾਰ, ਚੀਜ਼ਾਂ ਬਿਲਕੁਲ ਉਸੇ ਤਰ੍ਹਾਂ ਚਲਦੀਆਂ ਹਨ ਜਿਵੇਂ ਅਸੀਂ ਚਾਹੁੰਦੇ ਹਾਂ, ਅਤੇ ਕਈ ਵਾਰ ਜ਼ਿੰਦਗੀ ਨਿਯੰਤਰਣ ਤੋਂ ਬਾਹਰ ਜਾਪਦੀ ਹੈ। ਹਰ ਚੀਜ਼ ਜੋ ਅਸੀਂ ਕਰਦੇ ਹਾਂ ਉਸਦੇ ਗਲਤ ਹੋਣ ਦੀ ਸੰਭਾਵਨਾ ਹੈ, ਹਰ ਦੋਸਤ ਜੋ ਅਸੀਂ ਬਣਾਉਂਦੇ ਹਾਂ ਉਸਦੇ ਦੁਸ਼ਮਣ ਬਣਨ ਦੀ ਸੰਭਾਵਨਾ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਆਪਣੇ ਸਭ ਤੋਂ ਚੰਗੇ ਦੋਸਤ ਦੀ ਕਿੰਨੀ ਮਦਦ ਕੀਤੀ ਹੋਵੇ, ਉਹ ਸਾਡੀ ਪਿੱਠ ਪਿੱਛੇ ਸਾਡੇ ਬਾਰੇ ਭੱਦੀਆਂ ਗੱਲਾਂ ਕਹਿ ਸਕਦੇ ਹਨ।

ਇਨ੍ਹਾਂ ਸਥਿਤੀਆਂ ਵਿੱਚ, ਗੁੱਸੇ ਹੋਣਾ ਕੁਦਰਤੀ ਲੱਗਦਾ ਹੈ, ਜੋ ਸਾਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਦਾ ਹੈ ਕਿ ਆਪਣੇ ਦੁਸ਼ਮਣ ਨੂੰ ਤਬਾਹ ਕਰ ਦਿੱਤਾ ਜਾਵੇ, ਤਾਂ ਹੀ ਅਸੀਂ ਆਖਰਕਾਰ ਮਨ ਦੀ ਸ਼ਾਂਤੀ ਪ੍ਰਾਪਤ ਕਰਾਂਗੇ ਜਿਸਦੀ ਅਸੀਂ ਇੱਛਾ ਰੱਖਦੇ ਹਾਂ। ਬਦਕਿਸਮਤੀ ਨਾਲ, ਭਾਵੇਂ ਅਸੀਂ ਅੱਜ, ਕੱਲ੍ਹ ਅਤੇ ਕਿਸੇ ਹੋਰ ਦਿਨ ਆਪਣੇ ਦੁਸ਼ਮਣ ਨੂੰ ਨਸ਼ਟ ਕਰ ਵੀ ਦੇਈਏ, ਨਵੇਂ ਆ ਜਾਣਗੇ। ਸ਼ਾਂਤੀਦੇਵ ਸਾਨੂੰ ਸਲਾਹ ਦਿੰਦੇ ਹੈ ਕਿ ਪੂਰੇ ਗ੍ਰਹਿ ਨੂੰ ਸਹੀ ਕਰਨ ਦੀ ਬਜਾਏ, ਖੁੱਦ ਨੂੰ ਸਹੀ ਕੀਤਾ ਜਾਏ। ਦੂਜੇ ਸ਼ਬਦਾਂ ਵਿੱਚ, ਆਪਣੇ ਸਾਰੇ ਬਾਹਰੀ ਦੁਸ਼ਮਣਾਂ ਉੱਤੇ ਜਿੱਤ ਪਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਮਤਲਬ ਨਹੀਂ ਹੈ, ਜਦੋਂ ਸਾਨੂੰ ਸਿਰਫ ਆਪਣੇ ਅੰਦਰੂਨੀ ਦੁਸ਼ਮਣ – ਗੁੱਸੇ - ਨੂੰ ਨਸ਼ਟ ਕਰਨ ਦੀ ਜ਼ਰੂਰਤ ਹੈ। ਸਾਡੇ ਲਈ ਇੱਥੇ ਸਹੀ ਕਰਨਾ ਧੀਰਜ ਨੂੰ ਦਰਸਾਉਂਦਾ ਹੈ, ਉਹ ਰਾਹ ਜੋ ਸਾਨੂੰ ਉਨ੍ਹਾਂ ਮੁਸ਼ਕਲਾਂ ਨੂੰ ਸਹਿਣ ਲਈ ਅਗਵਾਈ ਕਰਦਾ ਹੈ ਜੋ ਦੂਸਰੇ ਸਾਡੇ ਉੱਤੇ ਆਉਂਦੀਆਂ ਹਨ, ਅਤੇ ਜਿਹਨਾਂ ਨੂੰ ਅਸੀਂ ਮੁਕਤੀ ਦੇ ਰਾਹ ‘ਤੇ ਟਕਰਾਂਗੇ।

Top