ਸਾਰਥਕ ਜੀਵਨ ਦੀ ਅਗਵਾਈ
ਸਾਲਾਂ ਦੌਰਾਨ, ਸਾਡੇ ਸਰੀਰ ਬਦਲ ਗਏ ਹਨ। ਆਮ ਤੌਰ 'ਤੇ ਬੋਲਦੇ ਹੋਏ, ਅਧਿਆਤਮ ਜਾਂ ਧਿਆਨ ਵੀ ਇਹ ਹੋਣ ਤੋਂ ਨਹੀਂ ਰੋਕ ਸਕਦਾ। ਅਸੀਂ ਅਸਥਾਈ ਹਾਂ, ਹਮੇਸ਼ਾਂ ਬਦਲਦੇ ਹਾਂ, ਪਲ ਤੋਂ ਪਲ ਵਿੱਚ ਬਦਲਦੇ ਹਾਂ; ਅਤੇ ਇਹ ਕੁਦਰਤ ਦਾ ਹਿੱਸਾ ਹੈ। ਸਮਾਂ ਹਮੇਸ਼ਾਂ ਚਲਦਾ ਰਹਿੰਦਾ ਹੈ; ਕੋਈ ਵੀ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਸਵਾਲ ਇਹ ਹੈ ਕਿ ਕੀ ਅਸੀਂ ਸਮੇਂ ਦੀ ਸਹੀ ਵਰਤੋਂ ਕਰਦੇ ਹਾਂ ਜਾਂ ਨਹੀਂ। ਕੀ ਅਸੀਂ ਦੂਜਿਆਂ ਲਈ ਹੋਰ ਸਮੱਸਿਆਵਾਂ ਪੈਦਾ ਕਰਨ ਲਈ ਸਮੇਂ ਦੀ ਵਰਤੋਂ ਕਰਦੇ ਹਾਂ, ਜੋ ਆਖਰਕਾਰ ਸਾਨੂੰ ਆਪਣੇ ਆਪ ਨੂੰ ਅੰਦਰੋਂ ਨਾਖੁਸ਼ ਮਹਿਸੂਸ ਕਰਾਉਂਦੀ ਹੈ? ਮੈਨੂੰ ਲਗਦਾ ਹੈ ਕਿ ਇਹ ਸਮੇਂ ਦੀ ਵਰਤੋਂ ਕਰਨ ਦਾ ਗਲਤ ਤਰੀਕਾ ਹੈ।
ਬਿਹਤਰ ਤਰੀਕਾ ਹੈ ਕਿ ਹਰ ਰੋਜ਼ ਆਪਣੇ ਮਨ ਨੂੰ ਸਹੀ ਪ੍ਰੇਰਣਾ ਨਾਲ ਰੂਪ ਦੇਣ ਦੀ ਕੋਸ਼ਿਸ਼ ਕਰਨਾ ਅਤੇ ਫਿਰ ਉਸ ਕਿਸਮ ਦੀ ਪ੍ਰੇਰਣਾ ਨਾਲ ਬਾਕੀ ਦਿਨ ਬਿਤਾਉਣਾ। ਅਤੇ ਇਸ ਦਾ ਮਤਲਬ ਹੈ, ਕਿ ਜੇ ਸੰਭਵ ਹੋਵੇ, ਦੂਜਿਆਂ ਦੀ ਸੇਵਾ ਕਰਨਾ; ਅਤੇ ਜੇ ਨਹੀਂ, ਤਾਂ ਘੱਟੋ-ਘੱਟ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਪਰਹੇਜ਼ ਕਰਨਾ। ਇਸ ਸਬੰਧ ਵਿੱਚ, ਪੇਸ਼ੇ ਵਿੱਚ ਕੋਈ ਅੰਤਰ ਨਹੀਂ ਹੈ। ਜੋ ਵੀ ਤੁਹਾਡਾ ਪੇਸ਼ਾ ਹੋਵੇ, ਤੁਹਾਡੇ ਅੰਦਰ ਸਕਾਰਾਤਮਕ ਪ੍ਰੇਰਣਾ ਹੋ ਸਕਦੀ ਹੈ। ਜੇ ਸਾਡਾ ਸਮਾਂ ਇਸ ਢੰਗ ਨਾਲ ਦਿਨਾਂ, ਹਫ਼ਤਿਆਂ, ਮਹੀਨਿਆਂ, ਸਾਲਾਂ – ਦਹਾਕਿਆਂ, ਨਾ ਸਿਰਫ ਪੰਜ ਸਾਲ ਲਈ – ਬੀਤਦਾ ਹੈ ਤਾਂ ਫਿਰ ਸਾਡਾ ਜੀਵਨ ਅਰਥਪੂਰਨ ਬਣ ਜਾਂਦਾ ਹੈ। ਘੱਟੋ-ਘੱਟ, ਅਸੀਂ ਆਪਣੇ ਹੀ ਵਿਅਕਤੀਗਤ ਖੁਸ਼ਹਾਲ ਮਾਨਸਿਕ ਸਥਿਤੀ ਵੱਲ ਯੋਗਦਾਨ ਪਾ ਰਹੇ ਹਾਂ। ਜਲਦੀ ਜਾਂ ਬਾਅਦ ਵਿੱਚ ਸਾਡਾ ਅੰਤ ਆ ਜਾਵੇਗਾ, ਅਤੇ ਉਸ ਦਿਨ ਸਾਨੂੰ ਕੋਈ ਪਛਤਾਵਾ ਨਹੀਂ ਹੋਵੇਗਾ; ਅਸੀਂ ਜਾਣਦੇ ਹੋਵਾਂਗੇ ਕਿ ਅਸੀਂ ਆਪਣਾ ਸਮਾਂ ਉਸਾਰੂ ਢੰਗ ਨਾਲ ਵਰਤਿਆ ਹੈ।
ਮੌਤ ਬਾਰੇ ਯਥਾਰਥਵਾਦੀ ਰਵੱਈਆ ਰੱਖਣਾ
ਹਾਲਾਂਕਿ, ਸਾਡੇ ਮੌਜੂਦਾ ਜੀਵਨ ਹਮੇਸ਼ਾ ਲਈ ਨਹੀ ਹਨ। ਪਰ ਇਹ ਸੋਚਣਾ ਕਿ: "ਮੌਤ ਸਾਡੀ ਦੁਸ਼ਮਣ ਹੈ," ਬਿਲਕੁਲ ਗਲਤ ਹੈ। ਮੌਤ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਬੇਸ਼ੱਕ, ਬੋਧੀ ਨਜ਼ਰੀਏ ਤੋਂ, ਇਹ ਸਰੀਰ ਕੁਝ ਅਰਥ ਵਿਚ ਇਕ ਦੁਸ਼ਮਣ ਹੈ। ਮੋਕਸ਼ – ਮੁਕਤੀ – ਲਈ ਸੱਚੀ ਇੱਛਾ ਵਿਕਸਿਤ ਕਰਨ ਲਈ ਫਿਰ ਸਾਨੂੰ ਉਸ ਕਿਸਮ ਦੇ ਰਵੱਈਏ ਦੀ ਜ਼ਰੂਰਤ ਹੈ: ਕਿ ਇਹ ਜਨਮ, ਇਹ ਸਰੀਰ, ਇਸਦਾ ਸੁਭਾਅ ਦੁੱਖ ਹੈ ਅਤੇ ਇਸ ਲਈ ਅਸੀਂ ਇਸ ਨੂੰ ਰੋਕਣਾ ਚਾਹੁੰਦੇ ਹਾਂ। ਪਰ ਇਹ ਰੁਝਾਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੇ ਤੁਸੀਂ ਮੰਨਦੇ ਹੋ ਕਿ ਮੌਤ ਦੁਸ਼ਮਣ ਹੈ, ਤਾਂ ਇਹ ਸਰੀਰ ਵੀ ਦੁਸ਼ਮਣ ਹੈ, ਅਤੇ ਸਮੁੱਚਾ ਜੀਵਨ ਦੁਸ਼ਮਣ ਹੈ। ਇਹ ਥੋੜਾ ਜ਼ਿਆਦਾ ਹੋ ਜਾਂਦਾ ਹੈ।
ਬੇਸ਼ੱਕ, ਮੌਤ ਦਾ ਮਤਲਬ ਹੈ ਕਿ ਮੌਜੂਦ ਨਾ ਹੋਣਾ, ਘੱਟੋ ਘੱਟ ਇਸ ਸਰੀਰ ਅਨੁਸਾਰ। ਸਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਵੱਖ ਹੋਣਾ ਪਵੇਗਾ ਜਿਨ੍ਹਾਂ ਨਾਲ ਅਸੀਂ ਇਸ ਜੀਵਨ ਕਾਲ ਦੇ ਅੰਦਰ ਕੁਝ ਨਜ਼ਦੀਕੀ ਸੰਬੰਧ ਵਿਕਸਿਤ ਕੀਤੇ ਹਨ। ਜਾਨਵਰਾਂ ਨੂੰ ਮੌਤ ਪਸੰਦ ਨਹੀਂ ਹੈ, ਇਸ ਲਈ ਕੁਦਰਤੀ ਤੌਰ 'ਤੇ ਇਹ ਮਨੁੱਖਾਂ ਦੇ ਨਾਲ ਵੀ ਇਹੀ ਹੈ। ਪਰ ਅਸੀਂ ਕੁਦਰਤ ਦਾ ਹਿੱਸਾ ਹਾਂ, ਅਤੇ ਇਸ ਲਈ ਮੌਤ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਤਰਕ ਨਾਲ ਸੋਚੀਏ ਤਾਂ, ਜ਼ਿੰਦਗੀ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ – ਜਨਮ ਅਤੇ ਮੌਤ ਹੁੰਦੀ ਹੈ। ਇਸ ਲਈ ਇਹ ਕੋਈ ਅਸਧਾਰਨ ਗੱਲ ਨਹੀ ਹੈ। ਪਰ ਮੈਨੂੰ ਲੱਗਦਾ ਹੈ ਕਿ ਮੌਤ ਬਾਰੇ ਸਾਡੇ ਗੈਰ-ਵਾਜਬ ਨਜ਼ਰੀਏ ਅਤੇ ਵਿਚਾਰ ਸਾਡੇ ਲਈ ਵਾਧੂ ਚਿੰਤਾ ਦਾ ਕਾਰਨ ਬਣਦੇ ਹਨ।
ਇਸ ਲਈ ਬੋਧੀ ਪ੍ਰੈਕਟੀਸ਼ਨਰ ਦੇ ਤੌਰ 'ਤੇ, ਮੌਤ ਅਤੇ ਅਸਥਿਰਤਾ ਦੇ ਬਾਰੇ ਰੋਜ਼ਾਨਾ ਆਪਣੇ ਆਪ ਨੂੰ ਯਾਦ ਕਰਾਉਣਾ ਬਹੁਤ ਹੀ ਲਾਭਦਾਇਕ ਹੈ। ਅਸਥਾਈਤਾ ਦੇ ਦੋ ਪੱਧਰ ਹਨ: ਇੱਕ ਵੱਡਾ ਪੱਧਰ [ਕਿ ਸਾਰੇ ਪੈਦਾ ਹੋਏ ਵਰਤਾਰੇ ਦਾ ਅੰਤ ਹੁੰਦਾ ਹੈ] ਅਤੇ ਇੱਕ ਸੂਖਮ ਪੱਧਰ [ਕਿ ਕਾਰਨਾਂ ਅਤੇ ਸਥਿਤੀਆਂ ਦੁਆਰਾ ਪ੍ਰਭਾਵਿਤ ਸਾਰੇ ਵਰਤਾਰੇ ਪਲ ਤੋਂ ਪਲ ਬਦਲਦੇ ਹਨ]। ਦਰਅਸਲ, ਅਸਥਾਈਤਾ ਦਾ ਸੂਖਮ ਪੱਧਰ ਬੁੱਧ ਧਰਮ ਦੀ ਅਸਲ ਸਿੱਖਿਆ ਹੈ; ਪਰ ਆਮ ਤੌਰ 'ਤੇ, ਅਸਥਾਈਤਾ ਦਾ ਵੱਡਾ ਪੱਧਰ ਵੀ ਅਭਿਆਸ ਦਾ ਇਕ ਮਹੱਤਵਪੂਰਣ ਹਿੱਸਾ ਹੈ ਕਿਉਂਕਿ ਇਹ ਸਾਡੀਆਂ ਕੁਝ ਵਿਨਾਸ਼ਕਾਰੀ ਭਾਵਨਾਵਾਂ ਨੂੰ ਘਟਾਉਂਦਾ ਹੈ ਜੋ ਇਸ ਭਾਵਨਾ 'ਤੇ ਅਧਾਰਤ ਹੁੰਦੀਆਂ ਹਨ ਕਿ ਅਸੀਂ ਤਾਂ ਸਦਾ ਲਈ ਜੀਉਂਦੇ ਰਹਾਂਗੇ।
ਇਨ੍ਹਾਂ ਮਹਾਨ ਰਾਜਿਆਂ ਨੂੰ ਦੇਖੋ – ਪੱਛਮ ਵਿੱਚ ਵੀ - ਉਨ੍ਹਾਂ ਦੇ ਵੱਡੇ ਕਿਲ੍ਹੇ ਅਤੇ ਮਹਿਲ ਸਮੇਤ। ਇਹ ਸਮਰਾਟ ਆਪਣੇ ਆਪ ਨੂੰ ਅਮਰ ਸਮਝਦੇ ਸਨ। ਪਰ ਹੁਣ ਜਦੋਂ ਅਸੀਂ ਇਨ੍ਹਾਂ ਢਾਂਚਿਆਂ ਨੂੰ ਵੇਖਦੇ ਹਾਂ, ਇਹ ਮੂਰਖਤਾਪੂਰਵਕ ਜਾਪਦੇ ਹਨ। ਚੀਨ ਦੀ ਮਹਾਨ ਕੰਧ ਦੇਖੋ। ਇਸ ਨੇ ਇਸ ਨੂੰ ਬਣਾਉਣ ਵਾਲੇ ਵਿਅਕਤੀਆਂ ਲਈ ਕਿੰਨੀ ਵੱਡੀ ਪੀੜਾ ਪੈਦਾ ਕੀਤੀ। ਪਰ ਇਹ ਕੰਮ ਇਸ ਭਾਵਨਾ ਨਾਲ ਕੀਤੇ ਗਏ ਸਨ: "ਮੇਰੀ ਸ਼ਕਤੀ ਅਤੇ ਸਾਮਰਾਜ ਸਦਾ ਲਈ ਮੌਜੂਦ ਰਹੇਗਾ" ਅਤੇ "ਮੇਰਾ ਸਮਰਾਟ ਸਦਾ ਲਈ ਜਿਉਂਦਾ ਰਹੇਗਾ।” ਬਰਲਿਨ ਦੀ ਕੰਧ ਵਾਂਗ - ਕੁਝ ਪੂਰਬੀ ਜਰਮਨ ਕਮਿਊਨਿਸਟ ਨੇਤਾ ਨੇ ਕਿਹਾ ਸੀ ਕਿ ਇਹ ਹਜ਼ਾਰਾਂ ਸਾਲਾਂ ਤੱਕ ਰਹੇਗੀ। ਇਹ ਸਾਰੀਆਂ ਭਾਵਨਾਵਾਂ ਉਨ੍ਹਾਂ ਦੇ ਆਪਣੇ ਆਪ ਨੂੰ ਅਤੇ ਉਨ੍ਹਾਂ ਦੀ ਪਾਰਟੀ ਜਾਂ ਉਨ੍ਹਾਂ ਦੇ ਵਿਸ਼ਵਾਸਾਂ ਤੋਂ ਅਤੇ ਇਹ ਸੋਚਣ ਤੋਂ ਆਉਂਦੀਆਂ ਕਿ ਉਹ ਸਦਾ ਲਈ ਹੀ ਮੌਜੂਦ ਰਹਿਣਗੇ।
ਹੁਣ ਇਹ ਸੱਚ ਹੈ ਕਿ ਸਾਨੂੰ ਆਪਣੀ ਪ੍ਰੇਰਣਾ ਦੇ ਹਿੱਸੇ ਵਜੋਂ ਸਕਾਰਾਤਮਕ ਇੱਛਾ ਦੀ ਜ਼ਰੂਰਤ ਹੈ - ਇੱਛਾ ਤੋਂ ਬਿਨਾਂ ਕੋਈ ਗਤੀਵਿਧੀ ਨਹੀਂ ਹੁੰਦੀ। ਪਰ ਅਗਿਆਨਤਾ ਨਾਲ ਘੁਲੀ-ਮਿਲੀ ਇੱਛਾ ਖ਼ਤਰਨਾਕ ਹੁੰਦੀ ਹੈ। ਉਦਾਹਰਣ ਵਜੋਂ, ਅਜਿਹੀ ਸਥਾਈਤਾ ਦੀ ਭਾਵਨਾ ਹੈ ਜੋ ਅਕਸਰ ਇਸ ਕਿਸਮ ਦਾ ਦ੍ਰਿਸ਼ਟੀਕੋਣ ਪੈਦਾ ਕਰਦੀ ਹੈ ਕਿ "ਮੈਂ ਤਾਂ ਸਦਾ ਲਈ ਮੌਜੂਦ ਰਹਾਂਗਾ।” ਇਹ ਗੈਰ-ਵਾਜਬ ਹੈ। ਇਹ ਅਗਿਆਨਤਾ ਹੈ। ਅਤੇ ਜਦੋਂ ਤੁਸੀਂ ਇਸ ਨੂੰ ਇੱਛਾ ਨਾਲ ਜੋੜਦੇ ਹੋ – ਕੁਝ ਹੋਰ ਚਾਹੁੰਦੇ ਹੋ, ਕੁਝ ਹੋਰ, ਕੁਝ ਹੋਰ – ਇਹ ਹੋਰ ਵੀ ਮੁਸੀਬਤ ਅਤੇ ਸਮੱਸਿਆਵਾਂ ਪੈਦਾ ਕਰਦਾ ਹੈ। ਪਰ, ਸੂਝ ਨਾਲ ਮਿਲੀ ਹੋਈ ਇੱਛਾ ਬਹੁਤ ਹੀ ਸਕਾਰਾਤਮਕ ਹੁੰਦੀ ਹੈ, ਅਤੇ ਸੋ ਸਾਨੂੰ ਇਸ ਦੀ ਲੋੜ ਹੈ।
ਅਸੀਂ ਤੰਤ੍ਰਿਕ ਅਭਿਆਸ ਵਿੱਚ ਅਸਥਾਈਤਾ ਨੂੰ ਯਾਦ ਕਰਨਾ ਵੀ ਵੇਖਦੇ ਹਾਂ, ਖੋਪੜੀਆਂ ਅਤੇ ਇਸ ਕਿਸਮ ਦੀਆਂ ਚੀਜ਼ਾਂ ਦੇ ਨਾਲ, ਅਤੇ ਕੁਝ ਮੰਡਲਾਂ ਵਿੱਚ ਅਸੀਂ ਕਬਰਸਤਾਨਾਂ, ਸ਼ਮਸ਼ਾਨ ਘਾਟਾਂ ਦੀ ਕਲਪਨਾ ਕਰਦੇ ਹਾਂ। ਇਹ ਸਾਰੇ ਪ੍ਰਤੀਕ ਹਨ ਜੋ ਸਾਨੂੰ ਅਸਥਿਰਤਾ ਦੀ ਯਾਦ ਦਿਵਾਉਂਦੇ ਹਨ। ਇੱਕ ਦਿਨ ਮੇਰੀ ਕਾਰ ਇੱਕ ਕਬਰਸਤਾਨ ਵਿੱਚੋਂ ਲੰਘੀ, ਸੋ ਜਦੋਂ ਮੈਂ ਬਾਅਦ ਵਿੱਚ ਇੱਕ ਜਨਤਕ ਭਾਸ਼ਣ ਵਿੱਚ ਇਸਦਾ ਜ਼ਿਕਰ ਕੀਤਾ ਤਾਂ ਇਹ ਮੇਰੇ ਮਨ ਵਿੱਚ ਤਾਜ਼ਾ ਸੀ: "ਮੈਂ ਹੁਣੇ ਹੀ ਕਬਰਿਸਤਾਨ ਵਿੱਚੋਂ ਲੰਘ ਰਿਹਾ ਸੀ। ਇਹ ਸਾਡੀ ਅੰਤਮ ਮੰਜ਼ਿਲ ਹੈ। ਸਾਨੂੰ ਉੱਥੇ ਜਾਣਾ ਪਵੇਗਾ।” ਸਲੀਬ ਉੱਤੇ ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਦਿਖਾਇਆ ਕਿ ਅੰਤ ਵਿੱਚ ਮੌਤ ਆਉਂਦੀ ਹੈ। ਅਤੇ ਬੁੱਧ ਨੇ ਇਸੇ ਤਰ੍ਹਾਂ ਕੀਤਾ। ਅੱਲ੍ਹਾ, ਮੈਨੂੰ ਨਹੀਂ ਪਤਾ – ਅੱਲ੍ਹਾ ਦਾ ਕੋਈ ਰੂਪ ਨਹੀਂ ਹੈ - ਪਰ ਬੇਸ਼ੱਕ ਮੁਹੰਮਦ ਨੇ ਇਸ ਦਾ ਪ੍ਰਦਰਸ਼ਨ ਕੀਤਾ।
ਇਸ ਲਈ, ਸਾਨੂੰ ਯਥਾਰਥਵਾਦੀ ਹੋਣ ਦੀ ਜ਼ਰੂਰਤ ਹੈ ਕਿ ਮੌਤ ਜਲਦੀ ਜਾਂ ਬਾਅਦ ਵਿੱਚ ਆਵੇਗੀ। ਜੇ ਤੁਸੀਂ ਸ਼ੁਰੂ ਤੋਂ ਹੀ ਕਿਸੇ ਕਿਸਮ ਦਾ ਰਵੱਈਆ ਵਿਕਸਿਤ ਕਰਦੇ ਹੋ ਕਿ ਮੌਤ ਆਵੇਗੀ; ਫਿਰ ਜਦੋਂ ਮੌਤ ਅਸਲ ਵਿੱਚ ਆਉਂਦੀ ਹੈ, ਤਾਂ ਤੁਸੀਂ ਬਹੁਤ ਘੱਟ ਚਿੰਤਤ ਹੋਵੋਗੇ। ਇਸ ਲਈ, ਬੋਧੀ ਪ੍ਰੈਕਟੀਸ਼ਨਰ ਲਈ, ਇਸ ਨੂੰ ਰੋਜ਼ਾਨਾ ਦੇ ਆਧਾਰ 'ਤੇ ਆਪਣੇ ਆਪ ਨੂੰ ਯਾਦ ਕਰਾਉਣਾ ਬਹੁਤ ਹੀ ਮਹੱਤਵਪੂਰਨ ਹੈ।
ਮੌਤ ਦੇ ਸਮੇਂ ਕੀ ਕਰਨਾ ਹੈ
ਜਦੋਂ ਸਾਡਾ ਆਖਰੀ ਦਿਨ ਆਉਂਦਾ ਹੈ, ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਸਵੀਕਾਰ ਕਰੀਏ ਅਤੇ ਇਸ ਨੂੰ ਕਿਸੇ ਅਜੀਬ ਚੀਜ਼ ਵਜੋਂ ਨਾ ਦੇਖੀਏ। ਹੋਰ ਕੋਈ ਤਰੀਕਾ ਨਹੀਂ ਹੈ। ਉਸ ਸਮੇਂ, ਕਿਸੇ ਨੂੰ ਜੋ ਕਿਸੇ ਧਰਮ-ਪੱਖੀ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ, ਉਸਨੂੰ ਸੋਚਣਾ ਚਾਹੀਦਾ ਹੈ, "ਇਹ ਜੀਵਨ ਰੱਬ ਦੁਆਰਾ ਬਣਾਇਆ ਗਿਆ ਸੀ, ਇਸ ਲਈ ਅੰਤ ਵੀ ਰੱਬ ਦੀ ਯੋਜਨਾ ਦੇ ਅਨੁਸਾਰ ਹੋ ਰਿਹਾ ਹੈ। ਹਾਲਾਂਕਿ ਮੈਨੂੰ ਮੌਤ ਪਸੰਦ ਨਹੀਂ ਹੈ, ਪਰ ਰੱਬ ਨੇ ਇਸ ਨੂੰ ਬਣਾਇਆ ਹੈ, ਅਤੇ ਇਸ ਲਈ ਇਸ ਦਾ ਕੁਝ ਅਰਥ ਹੋਣਾ ਲਾਜ਼ਮੀ ਹੈ।” ਉਹ ਲੋਕ ਜੋ ਸੱਚਮੁੱਚ ਸਿਰਜਣਹਾਰ ਰੱਬ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਉਨ੍ਹਾਂ ਪੰਗਤੀਆਂ ਅਨੁਸਾਰ ਸੋਚਣਾ ਚਾਹੀਦਾ ਹੈ।
ਜੋ ਭਾਰਤੀ ਪਰੰਪਰਾਵਾਂ ਦਾ ਪਾਲਣ ਕਰਦੇ ਹਨ ਅਤੇ ਪੁਨਰ ਜਨਮ ਵਿੱਚ ਵਿਸ਼ਵਾਸ ਕਰਦੇ ਹਨ ਉਨ੍ਹਾਂ ਨੂੰ ਆਪਣੇ ਭਵਿੱਖ ਦੇ ਜੀਵਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਚਿੰਤਾ, ਦੁਵਿਧਾ ਦੀ ਬਜਾਏ, ਚੰਗੇ ਭਵਿੱਖੀ ਜੀਵਨ ਲਈ ਸਹੀ ਕਾਰਨ ਬਣਾਉਣ ਲਈ ਕੁਝ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਦਾਹਰਣ ਵਜੋਂ, ਮਰਨ ਦੇ ਸਮੇਂ ਤੁਸੀਂ ਆਪਣੇ ਸਾਰੇ ਸਦਗੁਣਾਂ ਨੂੰ ਸਮਰਪਿਤ ਕਰ ਸਕਦੇ ਹੋ ਤਾਂ ਜੋ ਤੁਹਾਡੀ ਅਗਲੀ ਜ਼ਿੰਦਗੀ ਚੰਗੀ ਜ਼ਿੰਦਗੀ ਰਹੇ। ਅਤੇ ਫਿਰ, ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਵਿਸ਼ਵਾਸ ਕਿਸ ਵਿੱਚ ਹਨ, ਮਰਨ ਦੇ ਸਮੇਂ, ਮਾਨਸਿਕ ਸਥਿਤੀ ਸ਼ਾਂਤ ਹੋ ਜਾਣੀ ਚਾਹੀਦੀ ਹੈ। ਗੁੱਸਾ, ਬਹੁਤ ਜ਼ਿਆਦਾ ਡਰ - ਇਹ ਚੰਗੇ ਨਹੀਂ ਹਨ।
ਜੇ ਸੰਭਵ ਹੋਵੇ, ਤਾਂ ਬੋਧੀ ਪ੍ਰੈਕਟੀਸ਼ਨਰਾਂ ਨੂੰ ਆਪਣੇ ਅਗਲੇ ਜੀਵਨ ਨੂੰ ਵੇਖਣ ਲਈ ਹੁਣ ਆਪਣਾ ਸਮਾਂ ਵਰਤਣਾ ਚਾਹੀਦਾ ਹੈ। ਬੋਧੀਚਿੱਤ ਅਭਿਆਸ ਅਤੇ ਕੁਝ ਤੰਤ੍ਰਿਕ ਅਭਿਆਸ ਇਸ ਲਈ ਚੰਗੇ ਹਨ। ਤੰਤ੍ਰਿਕ ਸਿੱਖਿਆਵਾਂ ਦੇ ਅਨੁਸਾਰ, ਮੌਤ ਦੇ ਸਮੇਂ ਤੱਤਾਂ ਦਾ ਅੱਠ-ਪੜਾਅ ਦਾ ਭੰਗ ਹੁੰਦਾ ਹੈ – ਸਰੀਰ ਦੇ ਤੱਤਾਂ ਦੇ ਵੱਡੇ ਪੱਧਰ ਭੰਗ ਹੋ ਜਾਂਦੇ ਹਨ, ਅਤੇ ਫਿਰ ਵਧੇਰੇ ਸੂਖਮ ਪੱਧਰ ਵੀ ਭੰਗ ਹੋ ਜਾਂਦੇ ਹਨ। ਤੰਤ੍ਰਿਕ ਪ੍ਰੈਕਟੀਸ਼ਨਰਾਂ ਨੂੰ ਇਸ ਨੂੰ ਆਪਣੇ ਰੋਜ਼ਾਨਾ ਧਿਆਨ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੈ। ਹਰ ਰੋਜ਼, ਮੈਂ ਮੌਤ 'ਤੇ ਧਿਆਨ ਕਰਦਾ ਹਾਂ – ਵੱਖੋ-ਵੱਖਰੇ ਮੰਡਲਾ ਅਭਿਆਸਾਂ ਵਿਚ - ਘੱਟੋ-ਘੱਟ ਪੰਜ ਵਾਰ, ਇਸ ਲਈ ਮੈਂ ਅਜੇ ਵੀ ਜਿਉਂਦਾ ਹਾਂ! ਅੱਜ ਸਵੇਰੇ ਮੈਂ ਤਿੰਨ ਮੌਤਾਂ ਵਿੱਚੋਂ ਗੁਜ਼ਰਿਆ ਹਾਂ।
ਇਸ ਲਈ ਇਹ ਅਗਲੇ ਚੰਗੇ ਜੀਵਨ ਲਈ ਗਾਰੰਟੀ ਬਣਾਉਣ ਦੇ ਢੰਗ ਵਰਗਾ ਕੁੱਝ ਹਨ। ਅਤੇ ਗੈਰ-ਵਿਸ਼ਵਾਸੀਆਂ ਲਈ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਅਸਥਾਈਤਾ ਦੇ ਤੱਥ ਬਾਰੇ ਯਥਾਰਥਵਾਦੀ ਹੋਣਾ ਮਹੱਤਵਪੂਰਨ ਹੈ।
ਮਰਨ ਵਾਲਿਆਂ ਦੀ ਕਿਵੇਂ ਮਦਦ ਕਰੀਏ
ਉਨ੍ਹਾਂ ਲੋਕਾਂ ਦੇ ਨਾਲ ਜੋ ਅਸਲ ਵਿੱਚ ਮਰ ਰਹੇ ਹਨ, ਇਹ ਚੰਗਾ ਹੈ ਜੇ ਆਲੇ ਦੁਆਲੇ ਦੇ ਲੋਕਾਂ ਨੂੰ ਕੁਝ ਗਿਆਨ ਹੋਵੇ[ਕਿ ਕਿਵੇਂ ਮਦਦ ਕਰਨੀ ਹੈ]। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਉਨ੍ਹਾਂ ਮਰਨ ਵਾਲੇ ਲੋਕਾਂ ਨੂੰ ਜੋ ਸਿਰਜਣਹਾਰ ਰੱਬ ਵਿੱਚ ਵਿਸ਼ਵਾਸ ਕਰਦੇ ਹਨ, ਤੁਸੀਂ ਉਨ੍ਹਾਂ ਨੂੰ ਰੱਬ ਦੀ ਯਾਦ ਦਿਵਾ ਸਕਦੇ ਹੋ। ਰੱਬ ਵਿੱਚ ਇੱਕ-ਬਿੰਦੂ ਵਿਸ਼ਵਾਸ ਦਾ ਘੱਟੋ-ਘੱਟ ਕੁਝ ਤਾਂ ਲਾਭ ਹੁੰਦਾ ਹੈ, ਇੱਕ ਬੋਧੀ ਦ੍ਰਿਸ਼ਟੀਕੋਣ ਅਨੁਸਾਰ ਵੀ। ਉਨ੍ਹਾਂ ਲੋਕਾਂ ਨਾਲ ਜੋ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਕਰਦੇ, ਕੋਈ ਧਰਮ ਨਹੀਂ ਮੰਨਦੇ, ਫਿਰ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ, ਯਥਾਰਥਵਾਦੀ ਬਣੋ, ਅਤੇ ਉਨ੍ਹਾਂ ਦੇ ਦਿਮਾਗ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨਾ ਮਹੱਤਵਪੂਰਨ ਹੈ।
ਮਰਨ ਵਾਲੇ ਵਿਅਕਤੀ ਦੇ ਆਲੇ–ਦੁਆਲੇ ਰੋ ਰਹੇ ਰਿਸ਼ਤੇਦਾਰਾਂ ਨੂੰ ਰੱਖਣਾ ਉਨ੍ਹਾਂ ਲਈ ਸ਼ਾਂਤ ਮਨ ਰੱਖਣ ਲਈ ਨੁਕਸਾਨਦੇਹ ਹੋ ਸਕਦਾ ਹੈ- ਬਹੁਤ ਜ਼ਿਆਦਾ ਲਗਾਵ। ਅਤੇ ਆਪਣੇ ਰਿਸ਼ਤੇਦਾਰਾਂ ਪ੍ਰਤੀ ਬਹੁਤ ਜ਼ਿਆਦਾ ਲਗਾਵ ਦੇ ਕਾਰਨ, ਗੁੱਸੇ ਨੂੰ ਵਿਕਸਤ ਕਰਨ ਅਤੇ ਮੌਤ ਨੂੰ ਦੁਸ਼ਮਣ ਵਜੋਂ ਵੇਖਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੋ, ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੈ। ਇਹ ਮਹੱਤਵਪੂਰਨ ਹੈ।
ਕਈ ਵਾਰ ਮੈਨੂੰ ਬੋਧੀ ਬੁੰਗੇ ਜਾਣ ਲਈ ਕਿਹਾ ਗਿਆ ਹੈ। ਜਿਵੇਂ ਕਿ ਆਸਟਰੇਲੀਆ ਵਿੱਚ ਇੱਕ ਨਨਰੀ ਹੈ ਜਿੱਥੇ ਨਨ ਮਰਨ ਵਾਲੇ ਲੋਕਾਂ ਅਤੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਦੀ ਦੇਖਭਾਲ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਇਹ ਹਮਦਰਦੀ ਦੇ ਸਾਡੇ ਰੋਜ਼ਾਨਾ ਅਭਿਆਸ ਨੂੰ ਅਮਲ ਵਿੱਚ ਲਿਆਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ। ਇਹ ਬਹੁਤ ਮਹੱਤਵਪੂਰਨ ਹੈ।
ਸੰਖੇਪ
ਮੌਤ ਕੋਈ ਅਜੀਬ ਘਟਨਾ ਨਹੀਂ ਹੈ। ਇਹ ਹਰ ਦਿਨ ਹੁੰਦੀ ਹੈ, ਸੰਸਾਰ ਭਰ ਵਿਚ। ਇਹ ਸਮਝਣਾ ਕਿ ਅਸੀਂ ਨਿਸ਼ਚਤ ਤੌਰ 'ਤੇ ਮਰ ਜਾਵਾਂਗੇ ਸਾਨੂੰ ਇੱਕ ਸਾਰਥਕ ਜ਼ਿੰਦਗੀ ਜਿਉਣ ਲਈ ਉਤਸ਼ਾਹਤ ਕਰਦਾ ਹੈ। ਜਦੋਂ ਅਸੀਂ ਵੇਖਦੇ ਹਾਂ ਕਿ ਇਹ ਕਿਸੇ ਵੀ ਸਮੇਂ ਆ ਸਕਦੀ ਹੈ, ਸਾਡੇ ਜੀਵਨ ਵਿੱਚ ਲੜਾਈ ਅਤੇ ਛੋਟੀਆਂ ਚੀਜ਼ਾਂ 'ਤੇ ਬਹਿਸ ਘੱਟ ਜਾਂਦੀ ਹੈ। ਇਸ ਦੀ ਬਜਾਇ, ਅਸੀਂ ਜਿੰਨਾ ਸੰਭਵ ਹੋਵੇ ਹੋਰਾਂ ਦੀ ਮੱਦਦ ਕਰਕੇ ਜੀਵਨ ਨੂੰ ਪੂਰੀ ਤਰ੍ਹਾਂ ਜੀਉਣ ਲਈ ਉਤਸ਼ਾਹਿਤ ਹੋ ਜਾਂਦੇ ਹਾਂ।