ਅਸੀਂ ਦੇਖਿਆ ਹੈ ਕਿ ਧਿਆਨ ਕਰਨਾ ਇਕ ਤਿੰਨ ਗੁਣਾ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਵਿਚ ਸਿੱਖਿਆਵਾਂ ਨੂੰ ਸੁਣਨਾ, ਉਨ੍ਹਾਂ ਬਾਰੇ ਸੋਚਣਾ, ਅਤੇ ਫਿਰ ਉਨ੍ਹਾਂ 'ਤੇ ਧਿਆਨ ਕਰਨਾ ਸ਼ਾਮਲ ਹੈ। ਧਿਆਨ, ਜਿਵੇਂ ਕਿ ਇਹ ਤੀਜਾ ਕਦਮ ਹੈ, ਅਸਲ ਵਿੱਚ ਇਸ ਬਾਰੇ ਹੈ ਕਿ ਅਸੀਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਏਕੀਕ੍ਰਿਤ ਕਰਦੇ ਹਾਂ, ਜੋ ਦੁਹਰਾਓ ਦੁਆਰਾ ਪੈਦਾ ਹੁੰਦੀ ਹੈ। ਅਸੀਂ ਅਸਲ ਵਿੱਚ ਮਨ ਦੀ ਸਕਾਰਾਤਮਕ ਅਵਸਥਾ ਨੂੰ ਤਿਆਰ ਕਰਦੇ ਹਾਂ ਜੋ ਅਸੀਂ ਇਸ ਨੂੰ ਦੁਹਰਾਉਣ ਦੁਆਰਾ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਜੋ ਇਹ ਆਦਤ ਬਣ ਜਾਵੇ।
ਅਸੀਂ ਉਪਦੇਸ਼ਾਂ ਨੂੰ ਸੁਣਦੇ ਹਾਂ, ਅਤੇ ਇਸ ਤੋਂ ਸਾਨੂੰ ਵਿਤਕਰਾਤਮਕ ਜਾਗਰੂਕਤਾ ਮਿਲਦੀ ਹੈ, ਜਿੱਥੇ ਅਸੀਂ ਫਰਕ ਕਰ ਸਕਦੇ ਹਾਂ, “ਹਾਂ, ਇਹ ਬੁੱਧ ਦੀ ਸਿੱਖਿਆ ਹੈ” ਅਤੇ ਇਸ ਬਾਰੇ ਨਿਸ਼ਚਤ ਹੋ ਜਾਂਦੇ ਹਾਂ। ਅਸੀਂ ਇਹ ਵੀ ਵੇਖਿਆ ਹੈ ਕਿ ਅਸੀਂ ਅਨੁਮਾਨ ਨਾਲ ਸਿੱਖਿਆਵਾਂ ਨੂੰ ਜੋੜਦੇ ਹਾਂ; ਅਸੀਂ ਜ਼ਰੂਰੀ ਤੌਰ 'ਤੇ ਸਾਰੀਆਂ ਸਿੱਖਿਆਵਾਂ ਨੂੰ ਨਹੀਂ ਸਮਝਦੇ, ਪਰ ਘੱਟੋ ਘੱਟ ਸਾਡੀ ਪ੍ਰੇਰਣਾ ਅਤੇ ਦਿਲਚਸਪੀ ਦੇ ਕਾਰਨ, ਅਸੀਂ ਉਨ੍ਹਾਂ ਨੂੰ ਸੱਚ ਮੰਨਦੇ ਹਾਂ ਜਦੋਂ ਤੱਕ ਅਸੀਂ ਇਸਨੂੰ ਕਿਸੇ ਹੋਰ ਢੰਗ ਨਾਲ ਸਾਬਤ ਨਾ ਕੀਤਾ ਹੋਵੇ। ਜੇ ਸਾਨੂੰ ਪਤਾ ਲੱਗੇ ਕਿ ਕੁਝ ਸੱਚ ਨਹੀਂ ਹੈ, ਤਾਂ ਅਸੀਂ ਇਸ ਬਾਰੇ ਭੁੱਲ ਸਕਦੇ ਹਾਂ। ਪਰ ਘੱਟੋ ਘੱਟ ਇਹ ਮੰਨਣ ਲਈ ਇਕ ਖੁੱਲਾ ਮਨ ਦਾ ਹੋਣਾ ਮਹੱਤਵਪੂਰਣ ਹੈ ਕਿ ਕੁਝ ਸੱਚ ਹੈ, ਅਤੇ ਇਹ ਵੇਖਣ ਲਈ ਇਸ ਦੀ ਜਾਂਚ ਕਰਨ ਦਾ ਫੈਸਲਾ ਕਰੋ ਕਿ ਇਹ ਵਾਕਿਈ ਸੱਚ ਹੈ ਜਾਂ ਨਹੀਂ। ਅਤੇ ਸਾਨੂੰ ਇਹ ਵੀ ਮੰਨਣਾ ਪਏਗਾ ਕਿ ਇਹ ਫਾਇਦੇਮੰਦ ਹੈ, ਬਿਲਕੁਲ ਵਿਟਾਮਿਨਾਂ ਦੀ ਤਰ੍ਹਾਂ। ਤੁਸੀਂ ਇਹ ਸੋਚਦੇ ਹੋਏ ਜ਼ਹਿਰ ਨਹੀਂ ਖਾਓਗੇ, “ਮੈਨੂੰ ਇਸ ਦੀ ਜਾਂਚ ਕਰਨ ਦਿਓ ਕਿ ਕੀ ਇਹ ਸੱਚਮੁੱਚ ਮੈਨੂੰ ਮਾਰ ਦੇਵੇਗਾ,” ਪਰ ਤੁਸੀਂ ਵਿਟਾਮਿਨਾਂ ਨਾਲ ਅਜਿਹਾ ਕਰਦੇ ਹੋ। ਇਸ ਲਈ ਅਸੀਂ ਮੰਨਦੇ ਹਾਂ ਕਿ ਇਹ ਲਾਭਦਾਇਕ ਹੈ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਵਾਕਿਈ ਹੈ, ਅਤੇ ਇਸ ਲਈ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਅਤੇ ਖੁੱਦ ਵੇਖ ਸਕਦੇ ਹਾਂ।
ਜਦੋਂ ਅਸੀਂ ਸਿੱਖਿਆਵਾਂ ਬਾਰੇ ਸੋਚਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਜਾਂਚ ਕਰਦੇ ਹਾਂ ਤਾਂ ਜੋ ਕਿਸੇ ਪ੍ਰਕਿਰਿਆ ਦੇ ਅੰਤ ਤੱਕ ਪਹੁੰਚਿਆ ਜਾ ਸਕੇ ਜਿਸ ਨੂੰ "ਵਿਤਕਰਾਤਮਕ ਜਾਗਰੂਕਤਾ ਕਹਿੰਦੇ ਹਨ ਜੋ ਸੋਚ ਤੋਂ ਆਉਂਦੀ ਹੈ।" ਇਹ ਉਹ ਥਾਂ ਹੈ ਜਿੱਥੇ ਸਾਨੂੰ ਪੂਰੀ ਤਰ੍ਹਾਂ ਯਕੀਨ ਹੋ ਜਾਂਦਾ ਹੈ ਕਿ ਅਸੀਂ ਉਪਦੇਸ਼ ਨੂੰ ਸਮਝ ਲਿਆ ਹੈ, ਜੋ ਬੁੱਧ ਨੇ ਸਿਖਾਇਆ ਹੈ ਉਹ ਸੱਚ ਹੈ, ਕਿ ਇਸਦਾ ਅਸਲ ਵਿੱਚ ਲਾਭ ਹੈ, ਅਤੇ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਸਲ ਵਿੱਚ ਪ੍ਰਾਪਤ ਕਰਨਾ ਸੰਭਵ ਹੈ। ਜਦੋਂ ਲੋਕ ਉਪਰੋਕਤ ਕਦਮਾਂ ਨੂੰ ਛੱਡ ਦਿੰਦੇ ਹਨ, ਜਿਵੇਂ ਕਿ ਬਹੁਤ ਸਾਰੇ ਕਰਦੇ ਹਨ, ਕੁਝ ਸਮੇਂ ਬਾਅਦ ਉਨ੍ਹਾਂ ਨੂੰ "ਨਿਰਣਾਇਕ ਸਥਿਰਤਾ" ਦਾ ਅਨੁਭਵ ਹੁੰਦਾ ਹੈ, ਦੂਜੇ ਸ਼ਬਦਾਂ ਵਿਚ ਸ਼ੱਕ ਹੋ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਸਭ ਅਸਲ ਵਿੱਚ ਸੰਭਵ ਹੈ ਜਾਂ ਨਹੀਂ। ਅਤੇ ਫਿਰ ਉਹ ਹਾਰ ਮੰਨ ਲੈਂਦੇ ਹਨ।
ਮੁਕਤੀ ਕੀ ਹੈ?
ਜਦੋਂ ਅਸੀਂ ਮੁਕਤੀ ਜਾਂ ਆਤਮ ਗਿਆਨ, ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਸੱਚਮੁੱਚ ਸਹੀ ਤਰ੍ਹਾਂ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਮੁਕਤ ਹੋਣ ਦਾ ਅਸਲ ਅਰਥ ਕੀ ਹੈ। ਆਤਮ ਗਿਆਨ ਦੇ ਹੋਣ ਦਾ ਕੀ ਮਤਲਬ ਹੈ? ਅਤੇ ਇਸ ਤੋਂ ਬਾਅਦ ਕੀ ਹੁੰਦਾ ਹੈ? ਸਿੱਖਿਆਵਾਂ ਕਹਿੰਦੀਆਂ ਹਨ ਕਿ ਬੁੱਧ ਸਰਬਸ਼ਕਤੀਮਾਨ ਹੈ, ਬਿਲਕੁਲ ਹਰ ਚੀਜ ਨੂੰ ਸਹੀ ਅਤੇ ਇਕੋ ਸਮੇਂ ਜਾਣਦਾ ਹੈ। ਬੁੱਧ ਨੂੰ ਵੀ ਹਰ ਇੱਕ ਜੀਵ ਬਾਰੇ ਬਰਾਬਰ ਚਿੰਤਾ ਹੁੰਦੀ ਹੈ, ਅਤੇ ਉਹ ਹਰ ਇੱਕ ਦੇ ਨਾਲ ਸੰਪੂਰਣ ਸੰਚਾਰ ਕਰਨ ਦੇ ਯੋਗ ਹੈ। ਇਸ ਲਈ ਇੱਕ ਬੁੱਧ ਹਰ ਕਿਸੇ ਦੀ ਮਦਦ ਕਰਦਾ ਹੈ, ਜਿਸ ਵੀ ਤਰੀਕੇ ਨਾਲ ਵਧੀਆਂ ਢੰਗ ਨਾਲ ਕਰ ਪਾਏ।
ਕੀ ਇਹ ਸੰਭਵ ਹੈ ਜਾਂ ਇਹ ਸਿਰਫ ਪਰੀ ਕਹਾਣੀ ਹੈ? ਜੇ ਅਸੀਂ ਸੋਚਦੇ ਹਾਂ ਕਿ ਇਹ ਹਾਸੋਹੀਣਾ ਹੈ, ਤਾਂ ਫਿਰ ਅਸੀਂ ਇਸ ਨੂੰ ਪ੍ਰਾਪਤ ਕਰਨ ਲਈ ਕੀ ਕਰ ਰਹੇ ਹਾਂ? ਜੇ ਅਸੀਂ ਸੋਚਦੇ ਹਾਂ ਕਿ ਇਹ ਕੋਈ ਪਰੀ ਕਹਾਣੀ ਹੈ, ਤਾਂ ਅਸੀਂ ਸਪੱਸ਼ਟ ਤੌਰ 'ਤੇ ਵਿਸ਼ਵਾਸ ਨਹੀਂ ਕਰਦੇ ਕਿ ਇਸ ਨੂੰ ਪ੍ਰਾਪਤ ਕਰਨਾ ਸੰਭਵ ਹੈ। ਸਾਨੂੰ ਉਨ੍ਹਾਂ ਟੀਚਿਆਂ 'ਤੇ ਆਲੋਚਨਾਤਮਕ ਨਜ਼ਰ ਮਾਰਨੀ ਪਏਗੀ ਜੋ ਬੁੱਧ ਧਰਮ ਵਿਚ ਵਿਚਾਰੇ ਜਾਂਦੇ ਹਨ, ਅਤੇ ਆਪਣੀ ਪ੍ਰੇਰਣਾ ਦੀ ਜਾਂਚ ਕਰਨੀ ਪਏਗੀ।
ਸਾਡਾ ਟੀਚਾ ਕੀ ਹੈ?
ਇਹ ਸ਼ਬਦ, “ਪ੍ਰੇਰਣਾ” ਬੁੱਧ ਧਰਮ ਵਿੱਚ ਬਹੁਤ ਖਾਸ ਅਰਥ ਰੱਖਦਾ ਹੈ। ਅਸੀਂ ਅਕਸਰ ਕਹਿੰਦੇ ਹਾਂ, “ਆਪਣੀ ਪ੍ਰੇਰਣਾ ਦੀ ਪੁਸ਼ਟੀ ਕਰੋ ਜਾਂ ਪੈਦਾ ਕਰੋ,” ਜਿਸ ਦੇ ਦੋ ਹਿੱਸੇ ਹਨ। ਇਕ ਹੈ ਟੀਚਾ – ਟੀਚਾ ਜੋ ਸਾਡਾ ਹੈ – ਅਤੇ ਦੂਜਾ, ਇਸ ਦੇ ਪਿੱਛੇ ਭਾਵਨਾ ਜਾਂ ਅਹਿਸਾਸ ਜੋ ਸਾਨੂੰ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀ ਹੈ। ਆਮ ਤੌਰ 'ਤੇ ਅੰਗਰੇਜ਼ੀ ਵਿਚ, ਪ੍ਰੇਰਣਾ ਸ਼ਬਦ ਦਾ ਅਰਥ ਮੁੱਖ ਤੌਰ 'ਤੇ ਦੂਜੇ ਹਿੱਸੇ ਦਾ ਅਰਥ ਹੁੰਦਾ ਹੈ, ਭਾਵਨਾ ਜੋ ਸਾਨੂੰ ਕੁਝ ਕਰਨ ਲਈ ਪ੍ਰੇਰਿਤ ਕਰਦੀ ਹੈ।
ਮੈਂ ਬੋਧੀ ਸਿੱਖਿਆਵਾਂ, “ਧਰਮ” ਦਾ ਅਭਿਆਸ ਕਰਨ ਵਾਲੇ ਬਹੁਤ ਸਾਰੇ ਲੋਕਾਂ ਬਾਰੇ ਸੋਚਦਾ ਹਾਂ, ਜੇ ਅਸੀਂ ਸੁਹਿਰਦ ਹਾਂ, ਤਾਂ ਅਸੀਂ ਇਹ ਪਾਇਆ ਹੈ ਕਿ ਸਾਡਾ ਟੀਚਾ ਅਸਲ ਵਿੱਚ ਇਸ ਜ਼ਿੰਦਗੀ ਨੂੰ ਥੋੜਾ ਜਿਹਾ ਸੌਖਾ ਅਤੇ ਵਧੇਰੇ ਖੁਸ਼ ਕਰਨਾ ਹੈ। ਅਤੇ ਇਹ ਠੀਕ ਹੈ – ਇਹ ਉਹ ਹੈ ਜਿਸਨੂੰ ਮੈਂ "ਅਸਲ ਧਰਮ" ਦੀ ਬਜਾਏ "ਧਰਮ-ਲਾਈਟ" ਕਹਿੰਦਾ ਹਾਂ। ਇਹ ਪਹਿਲਾ ਕਦਮ ਹੈ। ਅਸਲ ਗੱਲ ਇਹ ਹੈ ਕਿ ਬਿਹਤਰ ਪੁਨਰ ਜਨਮ ਲਈ ਕੰਮ ਕਰਨਾ, ਅਸਲ ਵਿੱਚ ਜੀਵਨ ਕਾਲ ਤੋਂ ਬਾਅਦ ਕੀਮਤੀ ਮਨੁੱਖੀ ਪੁਨਰ ਜਨਮ ਜੀਵਨ ਨੂੰ ਜਾਰੀ ਰੱਖਣਾ। ਪਰ ਜੇ ਤੁਸੀਂ ਪੁਨਰ ਜਨਮ ਵਿਚ ਵਿਸ਼ਵਾਸ ਨਹੀਂ ਕਰਦੇ, ਤਾਂ ਤੁਸੀਂ ਚੰਗਾ ਜਨਮ ਲੈਣ ਦਾ ਇਮਾਨਦਾਰੀ ਨਾਲ ਟੀਚਾ ਕਿਵੇਂ ਰੱਖ ਸਕਦੇ ਹੋ? ਪੁਨਰ ਜਨਮ ਨੂੰ ਸਮਝਣ ਲਈ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਪੁਨਰ ਜਨਮ, ਮਨ ਦੀ ਨਿਰੰਤਰਤਾ ਦੀ ਪ੍ਰਕਿਰਤੀ, ਸਵੈ ਦੀ ਪ੍ਰਕਿਰਤੀ, ਅਤੇ ਇਸ ਤਰਾਂ ਹੋਰ ਸੱਭ ਕੁੱਝ ਕੀ ਹੈ। ਅਸਲ ਵਿੱਚ, ਚੰਗੇ ਪੁਨਰ ਜਨਮ ਦਾ ਟੀਚਾ ਖਾਸ ਤੌਰ 'ਤੇ ਬੋਧੀ ਪ੍ਰਵਿਰਤੀ ਦਾ ਨਹੀ ਹੈ। ਈਸਾਈ ਅਤੇ ਹੋਰ ਧਰਮਾਂ ਦਾ ਵੀ ਇਹੀ ਨਿਸ਼ਾਨਾ ਹੈ; ਈਸਾਈ ਧਰਮ ਦੇ ਮਾਮਲੇ ਵਿਚ, ਇਸ ਨੂੰ ਸਵਰਗ ਵਿਚ ਇਕ ਪੁਨਰ ਜਨਮ ਕਹਿੰਦੇ ਹਨ।
ਅਗਲਾ ਟੀਚਾ ਬੇਕਾਬੂ ਆਵਰਤੀ ਪੁਨਰ ਜਨਮ ਤੋਂ ਮੁਕਤੀ ਪ੍ਰਾਪਤ ਕਰਨਾ ਹੋਵੇਗਾ। ਹਿੰਦੂ ਧਰਮ ਵੀ ਇਸ ਦਾ ਟੀਚਾ ਰੱਖਦੇ ਹਨ। ਇਸ ਲਈ ਸਾਨੂੰ ਇਹ ਸਮਝਣਾ ਪਏਗਾ ਕਿ ਇਸ ਮੁਕਤੀ ਦੁਆਰਾ ਬੁੱਧ ਧਰਮ ਦਾ ਅਸਲ ਅਰਥ ਕੀ ਹੈ, ਅਤੇ ਇਸ ਨੂੰ ਪ੍ਰਾਪਤ ਕਰਨ ਦੇ ਕਿਹੜੇ ਤਰੀਕੇ ਹਨ। ਫਿਰ, ਬੇਸ਼ਕ, ਅੰਤਮ ਟੀਚਾ ਬੁੱਧ ਦੀ ਗਿਆਨਵਾਨ ਸਥਿਤੀ ਦਾ ਟੀਚਾ ਹੈ – ਇਹ ਬੁੱਧ ਧਰਮ ਲਈ ਵਿਲੱਖਣ ਹੈ।
ਕਦਮ ਦਰ ਕਦਮ
ਜਦੋਂ ਅਸੀਂ ਬੋਧੀ ਸਿੱਖਿਆਵਾਂ ਨੂੰ ਵੇਖਦੇ ਹਾਂ, ਤਾਂ ਅਸੀਂ ਵੇਖ ਸਕਦੇ ਹਾਂ ਕਿ ਉਹ ਪੜਾਵਾਂ ਵਿੱਚ ਹਨ। ਇੱਕ ਸੂਝ ਦੂਸਰੇ ਦੀ ਪਾਲਣਾ ਕਰਦੀ ਹੈ, ਅਤੇ ਇਸਦਾ ਸਤਿਕਾਰ ਕਰਨਾ ਮਹੱਤਵਪੂਰਨ ਹੈ ਕਿਉਂਕਿ ਜੇ ਅਸੀਂ ਸਿਰਫ ਕਹਿੰਦੇ ਹਾਂ ਕਿ, "ਮੈਂ ਬੁੱਧ ਬਣਨਾ ਚਾਹੁੰਦਾ ਹਾਂ ਤਾਂ ਜੋ ਮੈਂ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰ ਸਕਾਂ" ਬਿਨਾਂ ਕਿਸੇ ਅਧਾਰ ਦੇ, ਤਾਂ ਇਹ ਸਿਰਫ ਅਰਥਹੀਣ ਸ਼ਬਦ ਹਨ। ਕੀ ਅਸੀਂ ਸੱਚਮੁੱਚ ਆਜ਼ਾਦ ਹੋਣਾ ਚਾਹੁੰਦੇ ਹਾਂ ਅਤੇ ਬ੍ਰਹਿਮੰਡ ਦੇ ਹਰ ਕੀੜੇ-ਮਕੌੜੇ ਨੂੰ ਗਿਆਨ ਦੇਣਾ ਚਾਹੁੰਦੇ ਹਾਂ? ਸੰਭਵ ਤੌਰ 'ਤੇ ਨਹੀਂ। ਅਸਲ ਵਿੱਚ ਇਸਦਾ ਉਦੇਸ਼ ਬਣਾਉਣ ਲਈ ਮਨ ਦੀ ਲਗਭਗ ਕਲਪਨਾ ਤੋਂ ਪਰ੍ਹੇ ਦਾਇਰੇ ਦੀ ਜ਼ਰੂਰਤ ਹੈ ਅਤੇ ਅਸਲ ਵਿੱਚ ਇਸਦਾ ਮਤਲਬ ਹੈ, ਅਤੇ ਇਸ ਲਈ ਸਾਨੂੰ ਹੌਲੀ ਹੌਲੀ ਉਸ ਤੱਕ ਪਹੁੰਚਣਾ ਪਏਗਾ। ਅਸੀਂ ਅਜਿਹੇ ਹਰੇਕ ਉਪਦੇਸ਼ ਦੀ ਜਾਂਚ ਕਰਕੇ ਕਰਦੇ ਹਾਂ ਜਿਸਦਾ ਮੈਂ “ਚਾਰ ਧੁਰੇ” ਵਜੋਂ ਅਨੁਵਾਦ ਕਰਦਾ ਹਾਂ, ਕਿਸੇ ਚੀਜ਼ ਦੀ ਜਾਂਚ ਕਰਨ ਲਈ ਚਾਰ ਦ੍ਰਿਸ਼ਟੀਕੋਣ, ਅਤੇ ਅਸੀਂ ਧਰਮ ਦੇ ਸਭ ਤੋਂ ਅਧਾਰ ਬਿੰਦੂਆਂ ਨਾਲ ਅਰੰਭ ਕਰਦੇ ਹਾਂ।
ਉਦਾਹਰਨ ਦੇ ਤੌਰ ਤੇ, ਫਿਰ, ਚਾਰ ਧੁਰਾਂ ਦੀ ਵਰਤੋਂ ਕਰਦਿਆਂ, ਆਓ ਮੌਤ ਅਤੇ ਅਸਥਿਰਤਾ ਬਾਰੇ ਸੋਚੀਏ ਅਤੇ ਧਿਆਨ ਕਰੀਏ। ਮੈਂ ਇਸ ਨੂੰ ਸ਼ਾਇਦ ਥੋੜੇ ਜਿਹੇ ਸੁਆਰਥੀ ਕਾਰਨ ਕਰਕੇ ਚੁਣ ਰਿਹਾ ਹਾਂ, ਕਿਉਂਕਿ ਪਿਛਲੇ ਹਫਤੇ ਮੇਰੇ ਸਭ ਤੋਂ ਨਜ਼ਦੀਕੀ ਦੋਸਤ ਦੀ ਮੌਤ ਹੋ ਗਈ ਸੀ। ਕਿਸੇ ਵੀ ਤਰ੍ਹਾਂ, ਚਾਰ ਧੁਰੇ ਹਨ:
- ਨਿਰਭਰਤਾ ਦਾ ਧੁਰਾ – ਮਨ ਦੀ ਅਵਸਥਾ ਜਿਸ ਵਿੱਚ ਅਸੀਂ ਪੈਦਾ ਕਰਨਾ ਚਾਹੁੰਦੇ ਹਾਂ, ਜਿਵੇਂ ਮੌਤ ਬਾਰੇ ਜਾਗਰੂਕਤਾ, ਕਿਸ 'ਤੇ ਨਿਰਭਰ ਕਰਦੀ ਹੈ?
- ਕਾਰਜਸ਼ੀਲਤਾ ਦਾ ਧੁਰਾ – ਜੇ ਅਸੀਂ ਮਨ ਦੀ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਹਾਂ, ਤਾਂ ਇਹ ਕੀ ਕਰਦਾ ਦੀ ਅਤੇ ਇਸ ਦੇ ਫਾਇਦੇ ਜਾਂ ਨੁਕਸਾਨ ਕੀ ਹਨ?
- ਤਰਕ ਦਾ ਧੁਰਾ – ਜੇ ਅਸੀਂ ਇਹ ਨਿਰਧਾਰਤ ਕਰਨ ਲਈ ਉਪਦੇਸ਼ ਦੀ ਜਾਂਚ ਕਰਦੇ ਹਾਂ ਕਿ ਕੀ ਇਹ ਸੱਚ ਹੈ ਜਾਂ ਨਹੀਂ, ਤਾਂ ਕੀ ਇਹ ਬੁੱਧ ਦੀਆਂ ਬਾਕੀ ਸਿੱਖਿਆਵਾਂ ਦੇ ਨਾਲ ਫਿੱਟ ਬੈਠਦਾ ਹੈ? ਕੀ ਇਹ ਤਰਕਪੂਰਨ ਹੈ? ਜਦੋਂ ਅਸੀਂ ਇਸ ਨੂੰ ਅਜ਼ਮਾਉਂਦੇ ਹਾਂ, ਤਾਂ ਕੀ ਇਹ ਇਸ ਦੇ ਦੱਸੇ ਗਏ ਪ੍ਰਭਾਵ ਨੂੰ ਪੈਦਾ ਕਰਦਾ ਹੈ?
- ਕੁਦਰਤ ਦਾ ਧੁਰਾ – ਕੀ ਮੌਤ ਚੀਜ਼ਾਂ ਦੇ ਸੁਭਾਅ ਦੀ ਇੱਕ ਉਦਾਹਰਨ ਹੈ? ਕੀ ਹਰ ਕੋਈ ਮਰਦਾ ਹੈ?
ਅਸੀਂ ਇਹ ਕਰਦੇ ਹਾਂ ਇੱਕ ਨਿਸ਼ਚਤ ਸਿੱਖਿਆ ਨੂੰ ਲੈਂਦੇ ਹਾਂ, ਜਿਵੇਂ ਮੌਤ ਬਾਰੇ, ਅਤੇ ਇਹਨਾਂ ਚਾਰ ਧੁਰਾਵਾਂ ਦੇ ਨਜ਼ਰੀਏ ਤੋਂ ਇਸਦਾ ਵਿਸ਼ਲੇਸ਼ਣ ਕਰਦੇ ਹਾਂ, ਜਿੰਨਾ ਸਮਾਂ ਸਾਨੂੰ ਚਾਹੀਦਾ ਹੈ ਖਰਚ ਕਰਦੇ ਹਾਂ। ਇੱਥੇ ਕੋਈ ਫਾਰਮੂਲਾ ਨਹੀਂ ਹੈ ਜੋ ਕਹਿੰਦਾ ਹੈ ਕਿ ਤੁਹਾਨੂੰ ਇਸ 'ਤੇ ਦਸ ਮਿੰਟ ਅਤੇ ਉਸ 'ਤੇ ਵੀਹ ਮਿੰਟ ਬਿਤਾਉਣੇ ਪੈਣਗੇ। ਪਰ ਬਹੁਤ ਜਲਦੀ ਨਾ ਜਾਣਾ ਚੰਗਾ ਹੈ, ਕਿਉਂਕਿ ਫਿਰ ਅਕਸਰ ਜਿਸ ਤੇ ਤੁਸੀਂ ਧਿਆਨ ਕੇਂਦ੍ਰਤ ਕਰ ਰਹੇ ਹੋ ਇਸਦਾ ਕੋਈ ਅਰਥ ਨਹੀਂ ਹੁੰਦਾ। ਕਿਸੇ ਚੀਜ਼ ਦਾ ਅਹਿਸਾਸ ਹੋਣ ਜਾਣਾ ਚੰਗਾ ਹੈ, ਅਤੇ ਸੱਚਮੁੱਚ ਇਹ ਕੰਮ ਕਰਦਾ ਹੈ।
ਵਿਸਥਾਰਪੂਰਵਕ ਸਮਝ ਪ੍ਰਾਪਤ ਕਰਨਾ
ਅਸਲ ਵਿੱਚ ਅਸੀਂ ਇਹ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਵਿਸ਼ੇ ਨੂੰ ਸਮਝਦੇ ਹਾਂ, ਜਿੱਥੇ ਅਸੀਂ ਇਹ ਸੋਚਦੇ ਹੋਏ ਪਿੱਛੇ ਅਤੇ ਅੱਗੇ ਨਹੀਂ ਜਾਂਦੇ ਕਿ ਚੀਜ਼ਾਂ ਕਿਹੋ ਜਿਹੀਆਂ ਹਨ। ਇਹੀ ਕਾਰਨ ਹੈ ਕਿ ਤਿੱਬਤੀਆਂ ਕੋਲ ਬਹਿਸ ਦਾ ਵਿਦਿਅਕ ਤਰੀਕਾ ਹੈ, ਜੋ ਸਾਨੂੰ ਸਾਡੀ ਸਮਝ 'ਤੇ ਸਵਾਲ ਉਠਾਉਣ ਲਈ ਮਜਬੂਰ ਕਰਦਾ ਹੈ। ਹਰ ਕਿਸੇ ਨੂੰ ਇਹ ਕਰਨਾ ਪੈਂਦਾ ਹੈ – ਤੁਸੀਂ ਚੁੱਪ-ਚਾਪ ਕਲਾਸ ਦੇ ਪਿਛਲੇ ਪਾਸੇ ਨਹੀਂ ਬੈਠ ਸਕਦੇ। ਇਕ ਵਿਅਕਤੀ ਕੁਝ ਬਿਆਨ ਕਰੇਗਾ, ਅਤੇ ਵਿਰੋਧੀ ਨੂੰ ਇਸ ਨੂੰ ਸਵੀਕਾਰ ਕਰਨਾ ਜਾਂ ਅਸਵੀਕਾਰ ਕਰਨਾ ਪਏਗਾ। ਇਸ ਸਭ ਦਾ ਮੁੱਦਾ ਸਹੀ ਜਵਾਬ ਲੱਭਣਾ ਨਹੀਂ ਹੈ, ਬਲਕਿ ਕਿਸੇ ਵਿਸ਼ੇ ਦੀ ਸਾਡੀ ਸਮਝ ਵਿਚ ਨਿਸ਼ਚਤਤਾ ਪ੍ਰਾਪਤ ਕਰਨਾ ਹੈ। ਇਹ ਇਕ ਸ਼ਾਨਦਾਰ ਢੰਗ ਹੈ ਕਿਉਂਕਿ ਦੂਸਰੇ ਲੋਕ ਸਾਡੀ ਸੋਚ ਨੂੰ ਹੋਰ ਜ਼ਿਆਦਾ ਚੁਣੌਤੀ ਦੇਣਗੇ ਜਿੰਨਾ ਅਸੀਂ ਕਦੇ ਆਪਣੇ ਆਪ ਨੂੰ ਚੁਣੌਤੀ ਵੀ ਨਹੀਂ ਦੇ ਸਕਦੇ। ਬਹਿਸਾਂ ਦੇ ਦੌਰਾਨ, ਅਕਸਰ ਊਰਜਾ ਦੀ ਬਹੁਤ ਵੱਡੀ ਮਾਤਰਾ ਮੌਜੂਦ ਹੁੰਦੀ ਹੈ ਕਿਉਂਕਿ ਲੋਕ ਇਸ ਨੂੰ ਬਹੁਤ ਮਜ਼ੇਦਾਰ ਸਮਝਦੇ ਹਨ ਅਤੇ ਬਹੁਤ ਹੱਸਦੇ ਹਨ ਜਦੋਂ ਉਹ ਦੂਸਰੇ ਵਿਅਕਤੀ ਨੂੰ ਆਪਣੇ ਆਪ ਦਾ ਵਿਰੋਧ ਕਰਨ ਦਾ ਕਾਰਨ ਬਣਾਉਂਦੇ ਹਨ। ਪਰ ਇਹ ਸਭ ਵਧੀਆ ਹਾਸੇ-ਮਜ਼ਾਕ ਵਿੱਚ ਕੀਤਾ ਗਿਆ ਹੈ, ਅਤੇ ਹਰ ਕੋਈ ਇਸਦਾ ਅਨੰਦ ਲੈਂਦਾ ਹੈ।
ਸਿੱਖਣ ਦੀ ਇਸ ਸ਼ੈਲੀ ਦਾ ਇਕ ਹੋਰ ਲਾਭ ਇਹ ਹੈ ਕਿ, ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਕਿਸੇ ਸਮੇਂ ਤੁਸੀਂ ਆਪਣੇ ਆਪ ਦਾ ਵਿਰੋਧ ਕਰ ਰਹੇ ਹੋਵੋਗੇ ਅਤੇ ਕੁਝ ਮੂਰਖ ਕਹਿ ਦੇਵੋਗੇ, ਜੋ ਹਉਮੈ ਅਤੇ ਹੰਕਾਰ ਨੂੰ ਤੋੜਣ ਲਈ ਚੰਗਾ ਹੈ। ਇਹ ਸ਼ਰਮੀਲੇਪਣ ਨੂੰ ਵੀ ਦੂਰ ਕਰਦਾ ਹੈ – ਤੁਸੀਂ ਬਹਿਸ ਕਰਨ ਲਈ ਅਸੈਂਬਲੀ ਦੇ ਸਾਹਮਣੇ ਉੱਠਣ ਤੋਂ ਨਿਸ਼ਚਤ ਤੌਰ ਤੇ ਸ਼ਰਮਿੰਦਾ ਨਹੀਂ ਹੋ ਸਕਦੇ।
ਸਾਨੂੰ ਬਹਿਸ ਨੂੰ ਖਾਰਜ ਨਹੀਂ ਕਰਨਾ ਚਾਹੀਦਾ ਕਿ “ਓਹ, ਇਹ ਬੌਧਿਕ ਚੀਜ਼ਾਂ ਹਨ; ਮੈਂ ਅਨੁਭਵੀ ਬਣਨਾ ਚਾਹੁੰਦਾ ਹਾਂ ਅਤੇ ਸਿਰਫ ਧਿਆਨ ਕਰਨਾ ਚਾਹੁੰਦਾ ਹਾਂ।” ਬਹਿਸ ਤੁਹਾਨੂੰ ਧਿਆਨ ਕਰਨ ਵਿਚ ਸਹਾਇਤਾ ਕਰਦੀ ਹੈ, ਜੋ ਕਿ ਇਸਦਾ ਉਦੇਸ਼ ਹੈ। ਬਹਿਸ ਕਰਨ ਤੋਂ ਬਾਅਦ, ਤੁਹਾਨੂੰ ਹੋਰ ਸ਼ੱਕ ਨਹੀਂ ਹੁੰਦਾ ਅਤੇ ਤੁਸੀਂ ਆਪਣੀ ਸਮਝ ਬਾਰੇ ਨਿਸ਼ਚਤ ਹੋ ਜਾਂਦੇ ਹੋ, ਅਤੇ ਫਿਰ ਤੁਸੀਂ ਇਸ ਸਮਝ ਨੂੰ ਪੂਰੇ ਵਿਸ਼ਵਾਸ ਨਾਲ ਏਕੀਕ੍ਰਿਤ ਕਰਨ ਲਈ ਧਿਆਨ ਕਰ ਸਕਦੇ ਹੋ। ਨਹੀਂ ਤਾਂ, ਤੁਹਾਡਾ ਧਿਆਨ ਇੰਨਾ ਪੱਕਾ ਨਹੀਂ ਹੁੰਦਾ। ਬੇਸ਼ਕ, ਤੁਸੀਂ ਇੱਥੇ ਰਸਮੀ ਤੌਰ 'ਤੇ ਇਕ ਦੂਜੇ ਨਾਲ ਬਹਿਸ ਨਹੀਂ ਕਰ ਸਕਦੇ, ਪਰ ਸਿੱਖਿਆਵਾਂ 'ਤੇ ਵਿਚਾਰ ਕਰਨਾ ਬਹੁਤ ਵਧੀਆ ਹੈ, ਬਿਨਾਂ ਹੰਕਾਰ ਜਾਂ ਹਉਮੇ ਦੇ, ਅਤੇ ਬਚਾਅ ਪੱਖ ਤੋਂ ਬਿਨਾਂ, ਇਹ ਸੋਚਦੇ ਹੋਏ ਕਿ ਦੂਸਰਾ ਵਿਅਕਤੀ ਸਾਡੇ 'ਤੇ ਨਿੱਜੀ ਤੌਰ 'ਤੇ ਹਮਲਾ ਕਰ ਰਿਹਾ ਹੈ।
ਇਕ ਹੋਰ ਦੋ ਤਕਨੀਕੀ ਬੋਧੀ ਸ਼ਬਦ ਹਨ “ਕਿਸੇ ਤੱਥ ਨੂੰ ਸੱਚ ਮੰਨਣਾ,” ਅਤੇ “ਪੱਕਾ ਵਿਸ਼ਵਾਸ।” ਅਸੀਂ ਕਿਸੇ ਚੀਜ਼ ਨੂੰ ਸੱਚ ਮੰਨ ਸਕਦੇ ਹਾਂ ਜੋ ਗਲਤ ਹੈ, ਇਸ ਲਈ ਸਾਨੂੰ ਉਨ੍ਹਾਂ ਸਿੱਖਿਆਵਾਂ ਦੀ ਆਪਣੀ ਜਾਂਚ ਵਿਚ ਸਾਵਧਾਨ ਰਹਿਣਾ ਪਏਗਾ ਤਾਂ ਜੋ ਅਸੀਂ ਇਸ ਸਿੱਟੇ ਤੇ ਨਾ ਪਹੁੰਚ ਜਾਈਏ ਕਿ ਸਾਨੂੰ ਸਹੀ ਸਮਝ ਹੈ, ਜਦੋਂ ਸਾਨੂੰ ਨਾ ਹੋਵੇ। ਪੱਕਾ ਵਿਸ਼ਵਾਸ ਉਦੋਂ ਹੁੰਦਾ ਹੈ ਜਦੋਂ ਸਾਨੂੰ ਇੰਨਾ ਯਕੀਨ ਹੁੰਦਾ ਹੈ ਕਿ ਬਿਲਕੁਲ ਕੁਝ ਵੀ ਸਾਡੇ ਵਿਸ਼ਵਾਸ ਨੂੰ ਤੋੜ ਨਹੀਂ ਸਕਦਾ, ਜੋ ਸਾਨੂੰ ਅਸਲ ਵਿੱਚ ਵਿਕਸਤ ਕਰਨ ਦੀ ਜ਼ਰੂਰਤ ਹੈ।
ਚੱਲਦੇ ਰਹੋ
ਇਹ ਸਭ ਜ਼ਿੱਦੀਪੁਣੇ ਅਤੇ ਬੰਦ ਮਨ ਦੀ ਅਵਸਥਾ ਦੁਆਰਾ ਵਿਗਾੜਿਆ ਜਾ ਸਕਦਾ ਹੈ। ਸਾਨੂੰ ਗ਼ਲਤ ਸਮਝ ਹੈ ਅਤੇ ਅਸੀਂ ਇੰਨੇ ਜ਼ਿੱਦੀ ਬਣ ਜਾਂਦੇ ਹਾਂ ਕਿ ਕੋਈ ਵੀ ਸਾਨੂੰ ਸੁਧਾਰ ਨਹੀਂ ਸਕਦਾ – ਇਸ ਦਾ ਅਨੁਵਾਦ ਕਈ ਵਾਰ “ਗ਼ਲਤ ਦ੍ਰਿਸ਼ਟੀਕੋਣ” ਕੀਤਾ ਜਾਂਦਾ ਹੈ। ਅਸੀਂ ਕੁਝ ਗਲਤ ਰੱਖਦੇ ਹਾਂ ਅਤੇ ਇਸ ਬਾਰੇ ਇੰਨੇ ਜ਼ਿੱਦੀ ਹੋ ਜਾਂਦੇ ਹਾਂ ਕਿ ਅਸੀਂ ਦੁਸ਼ਮਣ ਬਣ ਜਾਂਦੇ ਹਾਂ ਅਤੇ ਹਰੇਕ ਉਸ ਵਿਅਕਤੀ 'ਤੇ ਹਮਲਾ ਕਰ ਦਿੰਦੇ ਹਾਂ ਜੋ ਕੁਝ ਵੱਖਰਾ ਕਹਿਣ ਦੀ ਕੋਸ਼ਿਸ਼ ਕਰਦਾ ਹੈ।
ਜਦੋਂ ਤੱਕ ਅਸੀਂ ਬੁੱਧ ਨਹੀਂ ਹੁੰਦੇ, ਸਾਨੂੰ ਚੀਜ਼ਾਂ ਨੂੰ ਹੋਰ ਅਤੇ ਹੋਰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਪਏਗੀ। ਇਸ ਲਈ ਸਾਨੂੰ ਹਮੇਸ਼ਾਂ ਕਿਹਾ ਜਾਂਦਾ ਹੈ, “ਆਪਣੀ ਸਮਝ ਦੇ ਪੱਧਰ ਨਾਲ, ਆਪਣੀ ਪ੍ਰਾਪਤੀ ਦੇ ਪੱਧਰ ਨਾਲ ਕਦੇ ਸੰਤੁਸ਼ਟ ਨਾ ਹੋਵੋ, ਕਿਉਂਕਿ ਤੁਸੀਂ ਹਮੇਸ਼ਾਂ ਡੂੰਘੇ ਜਾ ਸਕਦੇ ਹੋ, ਹਮੇਸ਼ਾਂ ਉੱਚਾ ਪ੍ਰਾਪਤ ਕਰ ਸਕਦੇ ਹੋ, ਜਦੋਂ ਤੱਕ ਤੁਸੀਂ ਬੁੱਧ ਨਹੀਂ ਬਣ ਜਾਂਦੇ।” ਇਸ ਲਈ ਜੇ ਸਾਨੂੰ ਸਹੀ ਸਮਝ ਹੁੰਦੀ ਵੀ ਹੈ, ਤਾਂ ਵੀ ਹੋ ਸਕਦਾ ਹੈ ਇਹ ਸਭ ਤੋਂ ਡੂੰਘੀ ਸਮਝ ਨਾ ਹੋਵੇ। ਪਰਮ ਪਵਿੱਤਰ ਦਲਾਈ ਲਾਮਾ ਦੇ ਗੁਰੂਆਂ ਵਿੱਚੋਂ ਇੱਕ, ਤ੍ਰਿਜਾਂਗ ਰਿਨਪੋਚੇ (Trijang Rinpoche) ਕਹਿੰਦੇ ਸਨ, “ਮੈਂ ਲਾਮ-ਰਿਮ ਚੇਨ-ਮੋ (Lam-rim chen-mo) (ਸੋਂਗਖਾਪਾ (Tsongkhapa) ਦੁਆਰਾ ਮਾਰਗ ਦੇ ਗ੍ਰੇਡਡ ਸਟੇਜਾਂ ਦੀ ਗ੍ਰੈਂਡ ਪ੍ਰਸਤੁਤੀ – ਬੁਨਿਆਦੀ ਅਤੇ ਵਿਸ਼ਾਲ ਪਾਠ) ਸੌ ਵਾਰ ਪੜ੍ਹਿਆ ਹੈ, ਅਤੇ ਹਰ ਵਾਰ ਜਦੋਂ ਮੈਂ ਇਸ ਨੂੰ ਪੜ੍ਹਿਆ ਹੈ, ਮੈਨੂੰ ਇੱਕ ਵੱਖਰੀ ਅਤੇ ਡੂੰਘੀ ਸਮਝ ਮਿਲੀ ਹੈ।” ਇਹ ਇਕ ਵਧੀਆ ਉਦਾਹਰਨ ਹੈ ਕਿ ਕਿਵੇਂ, ਸ਼ੁਰੂ ਕਰਨ ਲਈ ਸਹੀ ਸਮਝ ਪ੍ਰਾਪਤ ਕਰਨ ਦੇ ਬਾਵਜੂਦ, ਸਾਨੂੰ ਹੋਰ ਅਤੇ ਹੋਰ ਡੂੰਘਾਈ ਵਿੱਚ ਜਾਣਾ ਜਾਰੀ ਰੱਖਣ ਦੀ ਜ਼ਰੂਰਤ ਹੈ।
ਮੌਤ ਦਾ ਧਿਆਨ
ਹੁਣ ਅਸੀਂ ਮੌਤ ਦੇ ਧਿਆਨ ਦੇ ਸੰਬੰਧ ਵਿਚ ਚਾਰ ਨੁਕਤਿਆਂ ਨੂੰ ਵੇਖ ਸਕਦੇ ਹਾਂ, ਇਸ ਲਈ ਸਾਡੇ ਕੋਲ ਇਕ ਉਦਾਹਰਨ ਹੋ ਸਕਦੀ ਹੈ ਕਿ ਉਹ ਕੀ ਦਰਸਾਉਂਦੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਲਾਗੂ ਕਰਨਾ ਹੈ। ਬੇਸ਼ਕ, ਅਸੀਂ ਇਹ ਉਦੋਂ ਹੀ ਕਰਾਂਗੇ ਜਦੋਂ ਸਾਨੂੰ ਮੌਤ ਅਤੇ ਮੌਤ ਦੇ ਧਿਆਨ ਬਾਰੇ ਸਿੱਖਿਆਵਾਂ ਮਿਲਦੀਆਂ ਹਨ। ਮੌਤ ਨੂੰ ਵੇਖਣ ਵੇਲੇ, ਇੱਥੇ ਤਿੰਨ ਬੁਨਿਆਦੀ ਤੱਥ ਹਨ ਜਿਨ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ:
- ਮੌਤ ਅਟੱਲ ਹੈ।
- ਮੌਤ ਦਾ ਸਮਾਂ ਅਨਿਸ਼ਚਿਤ ਹੈ।
- ਮੌਤ ਦੇ ਸਮੇਂ, ਧਰਮ ਨੂੰ ਛੱਡ ਕੇ ਹੋਰ ਕੁਝ ਵੀ ਸਹਾਈ ਨਹੀਂ ਹੋਵੇਗਾ।
ਅਸੀਂ ਸਾਰਿਆਂ ਨੇ ਮਰ ਜਾਣਾ ਹੈ। ਇਹ ਅਟੱਲ ਹੈ – ਮੈਂ, ਤੁਸੀਂ, ਹਰ ਕੋਈ ਜਿਹਨਾਂ ਨੂੰ ਅਸੀਂ ਨਿੱਜੀ ਤੌਰ ਤੇ ਜਾਣਦੇ ਹਾਂ, ਅਤੇ ਹਰ ਕੋਈ। ਸਾਨੂੰ ਇਹ ਵੀ ਪਤਾ ਨਹੀਂ ਹੈ ਕਿ ਮੌਤ ਕਦੋਂ ਆਵੇਗੀ, ਅਤੇ ਜਦੋਂ ਅਸੀਂ ਮਰ ਜਾਂਦੇ ਹਾਂ, ਤਾਂ ਸਕਾਰਾਤਮਕ ਆਦਤਾਂ ਨੂੰ ਛੱਡ ਕੇ ਕੁਝ ਵੀ ਸਾਡੀ ਮਦਦ ਨਹੀਂ ਕਰਦਾ ਜੋ ਅਸੀਂ ਬਣਾਈਆਂ ਹਨ ਅਤੇ ਜਿਹਨਾਂ ਨੂੰ ਅਸੀਂ ਆਪਣੀ ਮਾਨਸਿਕ ਨਿਰੰਤਰਤਾ ਦਾ ਹਿੱਸਾ ਬਣਾਇਆ ਹੈ।
ਮੌਤ ਅਟੱਲ ਹੈ, ਪਰ ਇਹ ਕਿਸ ਉੱਤੇ ਨਿਰਭਰ ਕਰਦੀ ਹੈ (ਨਿਰਭਰਤਾ ਦਾ ਧੁਰਾ)? ਅਸੀਂ ਇਸ ਦਾ ਵਿਸ਼ਲੇਸ਼ਣ ਕਈ ਪੱਧਰਾਂ 'ਤੇ ਕਰ ਸਕਦੇ ਹਾਂ। ਸਭ ਤੋਂ ਪਹਿਲਾਂ, ਮੌਤ ਜ਼ਿੰਦਗੀ 'ਤੇ ਨਿਰਭਰ ਕਰਦੀ ਹੈ। ਜਿਉਂਦੇ ਬਗੈਰ, ਤੁਸੀਂ ਮਰ ਨਹੀਂ ਸਕਦੇ। ਅਤੇ ਹਰ ਦਿਨ, ਅਸੀਂ ਬੁੱਢੇ ਹੋ ਰਹੇ ਹਾਂ, ਅਤੇ ਸਾਡੇ ਸਰੀਰ, ਜੋ ਸ਼ੁਰੂ ਵਿੱਚ ਕਾਫ਼ੀ ਮਜ਼ਬੂਤ ਹੁੰਦਾ ਹੈ, ਕਮਜ਼ੋਰ ਹੋ ਜਾਂਦੇ ਹਨ। ਇਸ ਲਈ ਮੌਤ ਉਸ ਸਰੀਰ 'ਤੇ ਵੀ ਨਿਰਭਰ ਕਰਦੀ ਹੈ ਜੋ ਬਿਮਾਰ ਹੋ ਸਕਦਾ ਹੈ, ਕਾਰ ਦੁਆਰਾ ਕੁਚਲਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਹੋਰ।
ਮੌਤ ਬਾਰੇ ਕਿਉਂ ਸੋਚੀਏ?
ਨਿਰਭਰਤਾ ਦੇ ਧੁਰੇ ਬਾਰੇ ਡੂੰਘੇ ਪੱਧਰ 'ਤੇ, ਮੌਤ ਦੇ ਧਿਆਨ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਉਹ ਹੈਰਾਨੀਜਨਕ, ਕੀਮਤੀ ਮਨੁੱਖੀ ਜੀਵਨ ਹੈ ਜੋ ਸਾਨੂੰ ਮਿਲਿਆ ਹੈ। ਮੌਤ ਪ੍ਰਤੀ ਜਾਗਰੂਕਤਾ ਦਾ ਉਦੇਸ਼ ਸਾਨੂੰ ਹੁਣ ਇਸ ਕੀਮਤੀ ਮਨੁੱਖੀ ਜੀਵਨ ਦਾ ਲਾਭ ਲੈਣ ਲਈ ਪ੍ਰੇਰਿਤ ਕਰਨਾ ਹੈ। ਜੇ ਅਸੀਂ ਆਪਣੀਆਂ ਜ਼ਿੰਦਗੀਆਂ ਅਤੇ ਆਪਣੇ ਆਪ 'ਤੇ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਨ ਦੀ ਕਦਰ ਨਹੀਂ ਕਰਦੇ, ਤਾਂ ਅਸੀਂ ਸੱਚਮੁੱਚ ਆਪਣੀਆਂ ਜ਼ਿੰਦਗੀਆਂ ਨੂੰ ਗੁਆਉਣ ਬਾਰੇ ਨਹੀਂ ਸੋਚਾਂਗੇ। ਕਿਉਂਕਿ ਜ਼ਿਆਦਾਤਰ ਲੋਕ ਇਸ ਗੱਲ ਦੀ ਕਦਰ ਨਹੀਂ ਕਰਦੇ ਕਿ “ਮੈਂ ਜ਼ਿੰਦਾ ਹਾਂ, ਅਤੇ ਮੈਂ ਆਪਣੇ ਸਰੀਰ ਅਤੇ ਮਨ ਨੂੰ ਕਿਸੇ ਉਸਾਰੂ ਕੰਮ ਲਈ ਵਰਤ ਸਕਦਾ ਹਾਂ,” ਉਹ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਇਸ ਲਈ, ਮੌਤ ਦੀ ਜਾਗਰੂਕਤਾ ਅਸਲ ਵਿੱਚ ਜੀਵਨ ਦੀ ਜਾਗਰੂਕਤਾ 'ਤੇ ਨਿਰਭਰ ਕਰਦੀ ਹੈ।
ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਇਹ ਅਨਮੋਲ ਮਨੁੱਖੀ ਜੀਵਨ ਹੈ ਅਤੇ ਅਸੀਂ ਉਨ੍ਹਾਂ ਭੈੜੇ ਹਾਲਾਤਾਂ ਤੋਂ ਮੁਕਤ ਹਾਂ ਜੋ ਸਾਨੂੰ ਜੀਉਂਦੇ ਰਹਿਣ ਦਾ ਅਸਲ ਲਾਭ ਲੈਣ ਦੇ ਯੋਗ ਹੋਣ ਤੋਂ ਰੋਕ ਸਕਦੇ ਹਨ। ਸਾਨੂੰ ਇੱਕ ਕਾਕਰੋਚ ਵਜੋਂ ਪੈਦਾ ਨਹੀਂ ਕੀਤਾ ਗਿਆ ਹੈ, ਜਿਸਨੂੰ ਕੋਈ ਵੀ ਵਿਅਕਤੀ ਵੇਖਦਿਆਂ ਪੈਰ ਰੱਖਣਾ ਚਾਹੁੰਦਾ ਹੋਵੇ। ਅਸੀਂ ਇੱਕ ਛੋਟੀ ਜਿਹੀ ਮੱਛੀ ਦੇ ਰੂਪ ਵਿੱਚ ਪੈਦਾ ਨਹੀਂ ਹੋਏ ਹਾਂ ਜੋ ਇੱਕ ਵੱਡੀ ਮੱਛੀ ਦੁਆਰਾ ਜ਼ਿੰਦਾ ਖਾਧੀ ਜਾਂਦੀ ਹੈ। ਅਸੀਂ ਮੱਖੀ ਦੇ ਰੂਪ 'ਚ ਨਹੀਂ ਪੈਦਾ ਹੋਏ। ਇਸ ਬਾਰੇ ਸੋਚੋ, ਅਸੀਂ ਕੀ ਕਰ ਜਾਂ ਪੂਰਾ ਕਰ ਸਕਦੇ ਹਾਂ ਜੇ ਅਸੀਂ ਮੱਖੀ ਦੇ ਰੂਪ ਵਿੱਚ ਪੈਦਾ ਹੋਏ ਹੁੰਦੇ? ਬਹੁਤਾ ਕੁਝ ਨਹੀਂ, ਅਸੀਂ ਆਪਣੀ ਸਾਰੀ ਜ਼ਿੰਦਗੀ ਮਲਬੇ ਅਤੇ ਕੂੜੇਦਾਨ ਵੱਲ ਆਕਰਸ਼ਿਤ ਹੁੰਦੇ ਜਾਂਦੇ!
ਇਸ ਤਰ੍ਹਾਂ, ਮੌਤ ਤੋਂ ਜਾਣੂ ਹੋਣ ਦਾ ਉਦੇਸ਼ (ਕਾਰਜਸ਼ੀਲਤਾ ਦਾ ਧੁਰਾ) ਸਿਰਫ ਉਦਾਸ ਹੋਣਾ ਨਹੀਂ ਹੈ, “ਵਾਹ, ਇਹ ਕਿੰਨਾ ਭਿਆਨਕ ਹੈ! ਮੈਂ ਯਕੀਨਨ ਮਰ ਜਾਣਾ ਹੈ!” ਇਹ ਗੱਲ ਨਹੀਂ ਹੈ। ਕਾਰਜ ਸਾਨੂੰ ਹੁਣ ਸਾਡੇ ਕੋਲ ਪਏ ਕੀਮਤੀ ਸਮੇਂ ਦਾ ਲਾਭ ਉਠਾਉਣ ਦੀ ਇੱਛਾ ਪੈਦਾ ਕਰਨਾ ਹੈ, ਕਿਉਂਕਿ ਸਾਨੂੰ ਸੱਚਮੁੱਚ ਕਦੇ ਨਹੀਂ ਪਤਾ ਕਿ ਇਹ ਕਦੋਂ ਖਤਮ ਹੋ ਜਾਵੇ। ਬਿਲਕੁਲ ਪਿਛਲੇ ਹਫਤੇ ਮੇਰੇ ਦੋਸਤ ਵਾਂਗ, ਜੋ ਬਿਲਕੁਲ ਤੰਦਰੁਸਤ ਸੀ ਅਤੇ ਯਕੀਨਨ ਹਾਲੇ ਬੁੱਢਾ ਨਹੀਂ ਹੋਇਆ ਸੀ। ਉਸਨੇ ਸਿਗਰਟ ਅਤੇ ਸ਼ਰਾਬ ਨਹੀਂ ਪੀਤੀ, ਉਸ ਨੂੰ ਹਾਈ ਬਲੱਡ ਪ੍ਰੈਸ਼ਰ ਨਹੀਂ ਸੀ, ਉਹ ਬਹੁਤ ਕਸਰਤ ਕਰਦਾ ਸੀ, ਉਹ ਤੀਬਰ ਧਿਆਨ ਅਤੇ ਅਭਿਆਸ ਕਰਨ ਵਾਲਾ ਵਿਅਕਤੀ ਸੀ। ਅਤੇ ਪਿਛਲੇ ਹਫਤੇ ਇੱਕ ਸਵੇਰ, ਉਹ ਸ਼ਾਵਰ ਲੈਣ ਗਿਆ, ਦਿਲ ਦਾ ਦੌਰਾ ਪਿਆ, ਅਤੇ ਮੌਤ ਹੋ ਗਈ। ਬਸ ਇੰਝ ਹੀ।
ਇੱਥੇ ਕੋਈ ਨਿਸ਼ਚਤਤਾ ਨਹੀਂ ਹੈ ਕਿ ਅਸੀਂ ਇਸ ਅਨਮੋਲ ਜ਼ਿੰਦਗੀ ਨੂੰ ਕਦੋਂ ਗੁਆ ਬੈਠਾਂਗੇ, ਅਤੇ ਮੌਤ ਆਮ ਤੌਰ 'ਤੇ ਕਾਫ਼ੀ ਅਚਾਨਕ ਆਉਂਦੀ ਹੈ। ਤੁਹਾਨੂੰ ਬੁੱਢੇ ਹੋਣ ਦੀ ਜ਼ਰੂਰਤ ਨਹੀਂ ਹੈ, ਅਤੇ ਮਰਨ ਲਈ ਤੁਹਾਨੂੰ ਬਿਮਾਰ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਮੌਤ ਪ੍ਰਤੀ ਸੁਚੇਤ ਰਹਿਣ ਦਾ ਮੁੱਖ ਮਕਸਦ ਆਲਸ ਅਤੇ ਢਿੱਲ-ਮੱਠ ਨੂੰ ਦੂਰ ਕਰਨਾ ਹੈ, ਅਤੇ ਕੱਲ੍ਹ ਤਕ ਹਮੇਸ਼ਾ ਚੀਜ਼ਾਂ ਨੂੰ ਲੰਬਿਤ ਕਰਨਾ ਬੰਦ ਕਰਨਾ ਹੈ। ਮੇਰਾ ਦੋਸਤ, ਐਲਨ, ਜੋ ਮਰ ਗਿਆ, ਇਕ ਵਧੀਆ ਮਿਸਾਲ ਪੇਸ਼ ਕਰਦਾ ਹੈ। ਉਸਦੀ ਮਾਤਾ ਜੀ ਬਹੁਤ ਬੁੱਢੇ ਸਨ ਅਤੇ ਉਹਨਾਂ ਦੀ ਚੰਗੀ ਸਿਹਤ ਨਹੀਂ ਸੀ, ਅਤੇ ਉਹ ਸੱਚਮੁੱਚ ਉਹਨਾਂ ਦੀ ਸਰੀਰਕ ਅਤੇ ਵਿੱਤੀ ਸਹਾਇਤਾ ਕਰਨਾ ਚਾਹੁੰਦਾ ਸੀ। ਇਸ ਲਈ ਉਹ ਹਰ ਹਫਤੇ ਦੇ ਅੰਤ ਵਿਚ ਉਹਨਾਂ ਦੀ ਦੇਖ–ਭਾਲ ਕਰਨ ਜਾਂਦਾ ਸੀ। ਉਸਨੇ ਹਮੇਸ਼ਾਂ ਕਿਹਾ ਸੀ ਕਿ ਜਿਵੇਂ ਹੀ ਉਸਦੀ ਮਾਂ ਦੀ ਮੌਤ ਹੋ ਜਾਂਦੀ ਹੈ, ਉਹ ਕੰਮ ਤੋਂ ਸੰਨਿਆਸ ਲੈ ਲਵੇਗਾ ਅਤੇ ਸਭ ਤੋਂ ਪਹਿਲਾਂ ਸ਼ੁੱਧਤਾ ਲਈ ਇਕ ਸਾਲ ਦਾ ਵਾਜਰਾਸਤਵ ਏਕਾਂਤ ਕਰੇਗਾ, ਅਤੇ ਫਿਰ ਕੁਝ ਵੱਡੇ ਏਕਾਂਤ ਕਰੇਗਾ। ਇਹ ਉਸ ਦਾ ਇਰਾਦਾ ਸੀ।
ਜਿਵੇਂ ਕਿ ਮੈਂ ਕਿਹਾ ਹੈ, ਉਹ ਇੱਕ ਬਹੁਤ ਹੀ ਤੀਬਰ ਪ੍ਰੈਕਟੀਸ਼ਨਰ ਸੀ, ਪਰ ਉਹ ਕਦੇ ਵੀ ਧਿਆਨ ਲਈ ਏਕਾਂਤ ਵਿੱਚ ਨਹੀਂ ਗਿਆ ਕਿਉਂਕਿ ਉਹ ਆਪਣੀ ਮਾਤਾ ਜੀ ਦੀ ਮਦਦ ਕਰਨ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਉਪਲਬਧ ਹੋਣਾ ਚਾਹੁੰਦਾ ਸੀ, ਇਸ ਲਈ ਉਸਨੂੰ ਕੰਮ ਕਰਨਾ ਪਿਆ। ਕੀ ਉਸ ਨੂੰ ਆਪਣੀ ਮਾਤਾ ਜੀ ਦੀ ਮਦਦ ਕਰਨ ਲਈ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਸੀ, ਜਾਂ ਜਦੋਂ ਕਿ ਉਸ ਕੋਲ ਮੌਕਾ ਸੀ ਕਿ ਉਹ ਏਕਾਂਤ ਵਿੱਚ ਚਲੇ ਜਾਂਦਾ, ਅਤੇ ਹੋਰ ਲੋਕਾਂ ਨੂੰ ਉਹਨਾਂ ਦੀ ਦੇਖਭਾਲ ਕਰਨ ਦਿੰਦਾ? ਧਰਮ ਸਾਨੂੰ ਕੀ ਕਰਨ ਦੀ ਹਦਾਇਤ ਕਰੇਗਾ? ਮੌਤ ਬਾਰੇ ਸਿੱਖਿਆਵਾਂ ਸਾਨੂੰ ਕੀ ਕਰਨ ਲਈ ਉਤੇਜਿਤ ਕਰਨਗੀਆਂ? ਇਹ ਸੋਚਣਾ ਚੰਗਾ ਹੈ, ਮੈਂ ਉਸ ਸਥਿਤੀ ਵਿੱਚ ਕੀ ਕਰਾਂਗਾ?
ਇੱਕ ਵਿਚਾਰ ਥੋੜੇ ਸਮੇਂ ਲਈ ਏਕਾਂਤ ਵਿ4ਚ ਜਾਣਾ ਅਤੇ ਨਾਲ ਦੇ ਨਾਲ ਆਪਣੀ ਮਾਂ ਦੀ ਸਹਾਇਤਾ ਕਰਨਾ ਹੋਵੇਗਾ। ਏਕਾਂਤ ਦਾ ਜ਼ਰੂਰੀ ਤੌਰ 'ਤੇ ਪੂਰੇ ਸਮੇਂ ਦੀ ਗਤੀਵਿਧੀ ਹੋਣਾ ਜ਼ਰੂਰੀ ਨਹੀਂ – ਅਸੀਂ ਸਵੇਰ ਦਾ ਸੈਸ਼ਨ ਅਤੇ ਸ਼ਾਮ ਦਾ ਸੈਸ਼ਨ ਕਰ ਸਕਦੇ ਹਾਂ, ਅਤੇ ਦਿਨ ਦੇ ਦੌਰਾਨ ਜੋ ਵੀ ਸਾਨੂੰ ਕਰਨਾ ਚਾਹੀਦਾ ਹੈ ਉਸ ਦੀ ਦੇਖਭਾਲ ਕਰ ਸਕਦੇ ਹਾਂ। ਏਕਾਂਤ ਵਿੱਚ ਜਾਣਾ ਚੰਗਾ ਹੈ, ਪਰ ਸਿੱਖਿਆਵਾਂ ਹਮੇਸ਼ਾਂ ਕਹਿੰਦੀਆਂ ਹਨ ਕਿ ਸਾਰੇ ਜੀਵਾਂ ਦੀ ਦਿਆਲਤਾ ਦਾ ਭੁਗਤਾਨ ਕਰਨਾ ਮਹੱਤਵਪੂਰਨ ਹੈ, ਖ਼ਾਸਕਰ ਸਾਡੀ ਮਾਤਾ ਜੀ ਦਾ ਜਿਸਨੇ ਅਸਲ ਵਿੱਚ ਸਾਨੂੰ ਜੀਵਨ ਦਿੱਤਾ। ਜਦੋਂ ਤੁਸੀਂ ਆਪਣੇ ਮਾਪਿਆਂ ਦੀ ਦੇਖਭਾਲ ਕਰਦੇ ਹੋ, ਖ਼ਾਸਕਰ ਇਸ ਤਰ੍ਹਾਂ ਦੀ ਨਾਰਾਜ਼ਗੀ ਦੇ ਬਿਨਾਂ ਕਿ, "ਮੈਂ ਚਾਹੁੰਦਾ ਹਾਂ ਕਿ ਉਹ ਪਹਿਲਾਂ ਹੀ ਮਰ ਜਾਣ ਕਿਉਂਕਿ ਮੈਂ ਆਪਣੀ ਨੌਕਰੀ ਤੋਂ ਨਫ਼ਰਤ ਕਰਦਾ ਹਾਂ ਅਤੇ ਮੈਂ ਰਿਟਾਇਰ ਹੋਣਾ ਚਾਹੁੰਦਾ ਹਾਂ," ਤਾਂ ਤੁਸੀਂ ਬਹੁਤ ਸਾਰੀਆਂ ਸਕਾਰਾਤਮਕ ਸੰਭਾਵਨਾਵਾਂ ਪੈਦਾ ਕਰਦੇ ਹੋ। ਜੇ ਸਾਨੂੰ ਆਪਣੇ ਮਾਪਿਆਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਾ ਹੋਵੇ, ਤਾਂ ਬੇਸ਼ਕ ਸਾਨੂੰ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਜ਼ਰੂਰਤ ਹੈ।
ਅਕਸਰ, ਤਿੱਬਤੀ ਲਾਮਾ ਪੱਛਮੀ ਧਰਮ ਦੇ ਵਿਦਿਆਰਥੀਆਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੇ, ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਅਸਲ ਵਿੱਚ ਧਰਮ ਪ੍ਰਤੀ ਸਮਰਪਣ ਅਤੇ ਵਚਨਬੱਧਤਾ ਨਹੀਂ ਰੱਖਦੇ ਅਤੇ ਇਸਦੇ ਮੁੱਲ ਦੀ ਅਸਲ ਕਦਰ ਨਹੀਂ ਕਰਦੇ ਜੋ ਬਹੁਤ ਸਾਰੇ ਤਿੱਬਤੀ ਕਰਦੇ ਹਨ। ਪੱਛਮੀ ਲੋਕ ਅਕਸਰ ਆਪਣੇ ਰਵੱਈਏ ਵਿੱਚ ਕਾਫ਼ੀ ਆਰਾਮਪ੍ਰਸਤ ਹੁੰਦੇ ਹਨ, ਇਹ ਸੋਚਦੇ ਹੋਏ, “ਮੈਂ ਅੱਜ ਥੱਕ ਗਿਆ ਹਾਂ, ਮੈਂ ਅਗਲੀ ਵਾਰ ਉਸ ਸਿੱਖਿਆ 'ਤੇ ਜਾਵਾਂਗਾ।” ਪਰ ਜੇ ਅਸੀਂ ਸੱਚਮੁੱਚ ਗੰਭੀਰ ਹੁੰਦੇ, ਅਤੇ ਮੌਤ ਅਤੇ ਇਸ ਕੀਮਤੀ ਮਨੁੱਖੀ ਜੀਵਨ ਬਾਰੇ ਜਾਗਰੂਕਤਾ ਹੁੰਦੀ ਜੋ ਸਾਨੂੰ ਮਿਲਿਆ ਹੈ, ਤਾਂ ਇਹ ਸਾਨੂੰ ਹਰ ਰੋਜ਼ ਉਪਲੱਬਧ ਸਿੱਖਿਆਵਾਂ 'ਤੇ ਜਾਣ ਲਈ ਪ੍ਰੇਰਿਤ ਕਰਦਾ, ਚਾਹੇ ਅਸੀਂ ਕਿਵੇਂ ਵੀ ਮਹਿਸੂਸ ਕਰੀਏ।
ਮੌਤ ਆ ਰਹੀ ਹੈ: ਆਰਾਮ ਕਰੋ!
ਸਾਡਾ ਕੀਮਤੀ ਜੀਵਨ ਖਤਮ ਹੋਣ ਵਾਲਾ ਹੈ। ਮੈ ਨਹੀਂ ਜਾਣਦਾ ਕਿ ਕਦੋਂ। ਅਸੀਂ ਸ਼ਾਵਰ ਵਿਚ ਦਿਲ ਦਾ ਦੌਰਾ ਪੈਣ ਕਰਕੇ ਮਰ ਸਕਦੇ ਸੀ; ਸਾਨੂੰ ਬੱਸ ਟੱਕਰ ਮਾਰ ਸਕਦੀ ਹੈ; ਅਤੇ ਅਸੀਂ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੇ। ਮੌਤ ਪ੍ਰਤੀ ਜਾਗਰੂਕਤਾ ਆਲਸ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ ਅਤੇ ਸਾਨੂੰ ਉਨ੍ਹਾਂ ਸਾਰੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਦੀ ਆਗਿਆ ਦਿੰਦੀ ਹੈ ਜੋ ਸਾਡੇ ਕੋਲ ਹਨ। ਪਰ, ਅਜਿਹਾ ਕਰਨ ਵੇਲੇ, ਤਣਾਅ ਵਿੱਚ ਅਤੇ ਤਣੇ ਨਾ ਹੋਣਾ ਮਹੱਤਵਪੂਰਨ ਹੈ। ਅਕਸਰ ਅਸੀਂ ਮਾਮੂਲੀ ਚੀਜ਼ਾਂ 'ਤੇ ਇੰਨੇ ਤਣਾਅ ਵਿੱਚ ਆ ਜਾਂਦੇ ਹਾਂ ਅਤੇ ਗੰਭੀਰ ਹੋ ਜਾਂਦੇ ਹਾਂ, ਅਸੀਂ ਧਰਮ ਪ੍ਰਤੀ ਵੀ ਕਠੋਰ ਹੀ ਰਹਿੰਦੇ ਹਾਂ। ਸਾਨੂੰ ਆਪਣੇ ਅਭਿਆਸ ਵਿਚ ਸੁਹਿਰਦ ਹੋਣ ਦੀ ਜ਼ਰੂਰਤ ਹੈ, ਪਰ ਆਰਾਮ ਨਾਲ – ਪਰ ਇਸ ਦਾ ਮਤਲਬ ਆਲਸੀ ਹੋਣਾ ਨਹੀਂ ਹੈ। ਜਦੋਂ ਤੁਸੀਂ ਸਕਾਰਾਤਮਕ ਆਦਤਾਂ ਬਣਾ ਲਈਆਂ ਹੋਣ, ਫਿਰ ਮੌਤ ਦੇ ਸਮੇਂ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ ਆਦਤਾਂ ਤੁਹਾਡੀ ਮਦਦ ਕਰਨਗੀਆਂ।
ਮੌਤ ਹੀ ਜ਼ਿੰਦਗੀ ਦਾ ਸਹੀ ਸਿੱਟਾ ਹੈ
ਫਿਰ, ਅਸੀਂ ਤਰਕ ਨਾਲ ਸਥਾਪਿਤ ਕਰਦੇ ਹਾਂ ਕਿ ਕੀ ਸਿੱਖਿਆਵਾਂ ਬੁੱਧ ਦੀ ਸਿੱਖਿਆ (ਤਰਕ ਦਾ ਧੁਰਾ) ਦੇ ਅਨੁਕੂਲ ਹਨ। ਅਜਿਹਾ ਕਰਨ ਲਈ ਸਾਨੂੰ ਆਮ ਤੌਰ 'ਤੇ ਕਾਫ਼ੀ ਸਿੱਖਿਆਵਾਂ ਪ੍ਰਾਪਤ ਕਰਨ ਜਾਂ ਜਾਣਨ ਲਈ ਬਹੁਤ ਸਾਰੀਆਂ ਬੋਧੀ ਕਿਤਾਬਾਂ ਪੜ੍ਹਨ ਦੀ ਜ਼ਰੂਰਤ ਹੁੰਦੀ ਹੈ। ਬਹੁਤ ਸਾਰੀਆਂ ਬੋਧੀ ਸਿੱਖਿਆਵਾਂ ਅਸਥਿਰਤਾ ਬਾਰੇ ਗੱਲ ਕਰਦੀਆਂ ਹਨ, ਅਤੇ ਇਸ ਲਈ ਇਹ ਬੁੱਧ ਨੇ ਜੋ ਸਿਖਾਇਆ ਉਸ ਨਾਲ ਮੇਲ ਖਾਂਦਾ ਹੈ।
ਕੀ ਇਹ ਤਰਕਪੂਰਨ ਹੈ? ਖੈਰ, ਹਾਂ, ਹਰ ਦਿਨ ਅਸੀਂ ਮੌਤ ਦੇ ਨੇੜੇ ਜਾਂਦੇ ਹਾਂ। ਕਿਸੇ ਸਮੇਂ ਸ਼ੋਅ ਖਤਮ ਹੋ ਹੀ ਜਾਵੇਗਾ। ਮੌਤ ਨਿਸ਼ਚਤ ਤੌਰ ‘ਤੇ ਆਵੇਗੀ, ਕਿਉਂਕਿ ਅਜਿਹੀ ਕੋਈ ਸਥਿਤੀ ਨਹੀਂ ਹੈ ਜੋ ਮੌਤ ਦੇ ਆਉਣ ਤੇ ਉਸਨੂੰ ਮੋੜ ਸਕੇ। ਸਾਡੀ ਉਮਰ ਨਹੀਂ ਵਧਾਈ ਜਾ ਸਕਦੀ, ਸਾਡੀ ਬਾਕੀ ਦੀ ਉਮਰ ਦਿਨ-ਬ-ਦਿਨ, ਮਿੰਟ-ਦਰ-ਮਿੰਟ, ਸਕਿੰਟ-ਦਰ-ਸੈਕਿੰਡ ਘਟਦੀ ਜਾ ਰਹੀ ਹੈ। ਇਸ ਲਈ ਸੱਚਮੁੱਚ ਭਾਵਨਾਤਮਕ ਤੌਰ 'ਤੇ ਡੁੱਬਣਾ ਸੱਚਮੁੱਚ ਕਾਫ਼ੀ ਡੂੰਘਾ ਹੁੰਦਾ ਹੈ, ਜਦੋਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਰ ਸਕਦੇ ਹਾਂ ਜਿੱਥੇ ਅਸੀਂ ਪੂਰੀ ਤਰ੍ਹਾਂ ਪਰੇਸ਼ਾਨ ਨਾ ਹੋਈਏ, ਜਦੋਂ ਕਿ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਬਾਰੇ ਆਰਾਮ ਵਿੱਚ ਰਿਹਾ ਜਾ ਸਕੇ। ਜੇ ਸਾਡੇ ਕੋਲ ਧਰਮ ਦਾ ਅਭਿਆਸ ਕਰਨ ਲਈ ਜਿਉਂਦਿਆਂ ਹੋਇਆਂ ਸਮਾਂ ਨਹੀਂ ਸੀ, ਤਾਂ ਵੀ ਸਾਨੂੰ ਮਰਨਾ ਪਏਗਾ। ਹਰ ਕੋਈ ਜਿਹੜਾ ਕਦੇ ਜੀਉਂਦਾ ਰਿਹਾ ਹੈ ਮਰ ਗਿਆ ਹੈ।
ਲਾਭਦਾਇਕ ਨਤੀਜੇ
ਇਸ ਦਾ ਨਤੀਜਾ ਕੀ ਹੈ? ਖੈਰ, ਜੇ ਸਾਨੂੰ ਸੱਚਮੁੱਚ ਯਕੀਨ ਹੋ ਜਾਂਦਾ ਹੈ ਕਿ ਮੌਤ ਆ ਰਹੀ ਹੈ ਅਤੇ ਸਾਡੇ ਕੋਲ ਇਹੀ ਕੀਮਤੀ ਮਨੁੱਖੀ ਜੀਵਨ ਹੈ, ਤਾਂ ਨਤੀਜਾ ਇਹ ਹੋਵੇਗਾ ਕਿ ਇਹ ਸਾਡੀ ਆਲਸ ਨੂੰ ਘਟਾ ਦੇਵੇਗਾ, ਅਤੇ ਸਾਡੇ ਕੋਲ ਮੌਜੂਦ ਸਾਰੇ ਮੌਕਿਆਂ ਦਾ ਲਾਭ ਉਠਾਏਗਾ। ਅਸੀਂ ਦੇਖ ਸਕਦੇ ਹਾਂ ਕਿ ਇਹ ਸਾਡੇ ਆਪਣੇ ਤਜਰਬੇ ਤੋਂ ਲਾਭਦਾਇਕ ਹੈ।
ਚੌਥਾ ਧੁਰਾ, ਚੀਜ਼ਾਂ ਦੇ ਸੁਭਾਅ ਦੇ ਸੰਬੰਧ ਵਿੱਚ, ਇਹ ਹੈ ਕਿ ਹਾਂ, ਹਰ ਚੀਜ ਦਾ ਸੁਭਾਅ ਜੋ ਜੀਉਂਦਾ ਹੈ ਉਹ ਹੈ ਕਿ ਇਹ ਮਰ ਜਾਂਦਾ ਹੈ। ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਹਨ, ਇਹ ਹਕੀਕਤ ਹੈ, ਅਤੇ ਇਸ ਤੱਥ ਨੂੰ ਸਵੀਕਾਰ ਕਰਨ ਤੋਂ ਇਲਾਵਾ ਅਸੀਂ ਕੁਝ ਵੀ ਨਹੀਂ ਕਰ ਸਕਦੇ।
ਇਸ ਉਦਾਹਰਨ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਸਿੱਖਿਆਵਾਂ ਦਾ ਵਿਸ਼ਲੇਸ਼ਣ ਕਰਨ ਲਈ ਆਪਣੇ ਖੁਦ ਦੇ ਤਜ਼ਰਬੇ ਨਾਲ ਸੰਬੰਧਿਤ ਇਨ੍ਹਾਂ ਚਾਰ ਧੁਰਾਵਾਂ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ। ਇਹ ਨਿਰੰਤਰ ਪ੍ਰਕਿਰਿਆ ਹੈ, ਕਿਉਂਕਿ 100% ਯਕੀਨ ਹੋਣ ਅਤੇ ਇਸ ਨੂੰ ਸਾਡੀ ਜ਼ਿੰਦਗੀ ਵਿਚ ਏਕੀਕ੍ਰਿਤ ਕਰਨ ਲਈ ਬਹੁਤ ਸਾਰਾ ਕੰਮ ਕਰਨਾ ਪੈਂਦਾ ਹੈ। ਬੌਧਿਕ ਤੌਰ 'ਤੇ ਯਕੀਨ ਦਿਵਾਉਣਾ ਸੌਖਾ ਹੈ, ਪਰ ਭਾਵਨਾਤਮਕ ਤੌਰ 'ਤੇ ਯਕੀਨ ਦਿਵਾਉਣਾ ਬਹੁਤ ਮੁਸ਼ਕਲ ਹੈ। ਮਨ ਅਤੇ ਸਰੀਰ ਵੀ ਵੱਖਰੇ ਹੁੰਦੇ ਹਨ – ਉਦਾਹਰਨ ਵਜੋਂ ਮੇਰੇ ਦੋਸਤ ਦੀ ਮੌਤ ਦੇ ਸੰਬੰਧ ਵਿੱਚ, ਮਾਨਸਿਕ, ਭਾਵਨਾਤਮਕ ਤੌਰ ਤੇ, ਮੈਂ ਕਾਫ਼ੀ ਸ਼ਾਂਤ ਮਹਿਸੂਸ ਕਰਦਾ ਹਾਂ, ਪਰ ਮੇਰਾ ਸਰੀਰ ਊਰਜਾ ਦੀ ਬਹੁਤ ਨਿਕਾਸੀ ਮਹਿਸੂਸ ਕਰਦਾ ਹੈ।
ਇਸ ਲਈ ਸਰੀਰਕ ਪੱਧਰ 'ਤੇ ਉਦਾਸੀ ਹੈ, ਕਿਉਂਕਿ ਸਰੀਰਿਕ ਪੱਧਰ 'ਤੇ ਇਹ ਭਾਵਨਾ ਪ੍ਰਾਪਤ ਕਰਨਾ ਕਿ "ਹਰ ਕੋਈ ਮਰਦਾ ਹੈ" ਬਹੁਤ ਮੁਸ਼ਕਲ ਹੈ। ਅਤੇ ਸਮੇਂ ਸਮੇਂ ਤੇ ਮਾਨਸਿਕ ਪੱਧਰ 'ਤੇ ਉਦਾਸੀ ਪੈਦਾ ਹੋਵੇਗੀ ਕਿਉਂਕਿ ਇਹ ਕੁਦਰਤੀ ਹੈ। ਅਸੀਂ ਬੁੱਧ ਨਹੀਂ ਹਾਂ; ਅਸੀਂ ਮੁਕਤ ਹੋਏ ਜੀਵ ਨਹੀਂ ਹਾਂ। ਅਸੀਂ ਸਾਰੀਆਂ ਪਰੇਸ਼ਾਨ ਕਰਨ ਵਾਲੀਆਂ ਭਾਵਨਾਵਾਂ ਜਾਂ ਦੁੱਖਾਂ ਤੋਂ ਮੁਕਤ ਨਹੀਂ ਹਾਂ, ਅਜੇ ਤੱਕ। ਪਰ ਇਹ ਉਹ ਹੈ ਜਿਸਦਾ ਅਸੀਂ ਟੀਚਾ ਰੱਖਦੇ ਹਾਂ।
ਸੰਖੇਪ
ਇਕ ਵਾਰ ਜਦੋਂ ਅਸੀਂ ਸੱਚਮੁੱਚ ਜਾਣ ਜਾਂਦੇ ਹਾਂ ਕਿ ਮੁਕਤੀ ਅਤੇ ਗਿਆਨ ਕੀ ਹੈ, ਤਾਂ ਅਸੀਂ ਆਪਣਾ ਟੀਚਾ ਨਿਰਧਾਰਤ ਕਰ ਸਕਦੇ ਹਾਂ। ਜਦੋਂ ਅਸੀਂ ਇਹ ਕੰਮ ਕਰ ਲਿਆ ਹੈ ਕਿ ਅਸੀਂ ਅਸਲ ਵਿੱਚ ਕੀ ਚਾਹੁੰਦੇ ਹਾਂ, ਅਸੀਂ ਉੱਥੇ ਪਹੁੰਚਣ ਲਈ ਕਦਮ ਚੁੱਕ ਸਕਦੇ ਹਾਂ। ਇਹ ਚਾਰ ਧੁਰੇ ਜੋ ਅਸੀਂ ਕਰ ਵਰਤ ਰਹੇ ਹਾਂ ਉਸ ਕੰਮਵਿੱਚ ਨਿਸ਼ਚਤਤਾ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਨ ਵਿੱਚ ਲਾਭਦਾਇਕ ਹਨ।
ਜਦੋਂ ਅਸੀਂ ਮੌਤ 'ਤੇ ਧਿਆਨ ਕਰਦੇ ਹਾਂ, ਅਤੇ ਸੱਚਮੁੱਚ ਇਹ ਸਮਝ ਜਾਂਦੇ ਹਾਂ ਕਿ ਅਸੀਂ ਸਾਰੇ ਮਰਨ ਜਾ ਰਹੇ ਹਾਂ, ਅਤੇ ਸਾਨੂੰ ਕੋਈ ਵਿਚਾਰ ਨਹੀਂ ਹੈ ਕਿ ਕਦੋਂ, ਸਾਨੂੰ ਅਸਲ ਵਿੱਚ ਕੀ ਮਹੱਤਵਪੂਰਨ ਹੈ ਦੇ ਨਾਲ ਅੱਗੇ ਵਧਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਮੌਤ ਦੀ ਜਾਗਰੂਕਤਾ ਸਾਡੇ ਅੰਦਰ ਅਵਿਸ਼ਵਾਸ਼ਯੋਗ ਤਬਦੀਲੀ ਲਿਆਉਂਦੀ ਹੈ, ਜਿਸ ਨਾਲ ਆਲਸ ਜਾਂ ਉਦਾਸੀ ਦੇ ਸ਼ਿਕਾਰ ਹੋਣਾ ਅਸੰਭਵ ਹੋ ਜਾਂਦਾ ਹੈ।