ਜਾਣ-ਪਹਿਚਾਣ
ਛੇ ਉੱਚ-ਪੱਧਰ ਦੇ ਰਵੱਈਏ, ਜਿਨ੍ਹਾਂ ਨੂੰ ਅਕਸਰ "ਛੇ ਸੰਪੂਰਨਤਾਵਾਂ" ਜਾਂ "ਛੇ ਮਾਪਦੰਡ" ਵਜੋਂ ਜਾਣਿਆ ਜਾਂਦਾ ਹੈ, ਮਨ ਦੀਆਂ ਅਵਸਥਾਵਾਂ ਹਨ ਜੋ ਸਾਨੂੰ ਆਪਣੇ ਆਪ 'ਤੇ ਕੰਮ ਕਰਨ ਅਤੇ ਦੂਜਿਆਂ ਦੀ ਸਭ ਤੋਂ ਵਧੀਆ ਤਰੀਕਿਆਂ ਨਾਲ ਸਹਾਇਤਾ ਕਰਨ ਦੇ ਯੋਗ ਬਣਾਉਂਦੇ ਹਨ। ਇਹ ਰਵੱਈਏ ਸਿੱਧੇ ਤੌਰ 'ਤੇ ਵੱਡੀਆਂ ਰੁਕਾਵਟਾਂ, ਜਿਵੇਂ ਕਿ ਆਲਸ ਅਤੇ ਗੁੱਸਾ, ਦਾ ਮੁਕਾਬਲਾ ਕਰਦੇ ਹਨ ਜੋ ਸਫਲਤਾ ਨੂੰ ਰੋਕਦੀਆਂ ਹਨ ਅਤੇ ਇਸ ਲਈ ਉਹ ਹਰ ਕਿਸੇ ਲਈ ਮਦਦਗਾਰ ਹਨ। ਅਸੀਂ ਉਨ੍ਹਾਂ ਨੂੰ “ਉੱਚ-ਪੱਧਰ ਦੇ” ਕਹਿੰਦੇ ਹਾਂ ਕਿਉਂਕਿ ਬੋਧੀ ਸੰਦਰਭ ਵਿੱਚ, ਜਦੋਂ ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਕਸਤ ਕਰਦੇ ਹਾਂ, ਤਾਂ ਉਹ ਸਾਨੂੰ ਆਪਣੀਆਂ ਸੀਮਾਵਾਂ ਅਤੇ ਸਮੱਸਿਆਵਾਂ ਦੇ ਸਮੁੰਦਰ ਦੇ ਉੱਚ-ਪੱਧਰ ਦੇ ਕਿਨਾਰੇ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਨ। ਜੇ ਅਸੀਂ ਤਿਆਗ ਤੋਂ ਪ੍ਰੇਰਿਤ ਹਾਂ – ਸਾਰੇ ਦੁੱਖਾਂ ਤੋਂ ਮੁਕਤ ਹੋਣ ਦਾ ਦ੍ਰਿੜ ਇਰਾਦਾ – ਉਹ ਸਾਨੂੰ ਮੁਕਤੀ ਵੱਲ ਲੈ ਜਾਣਗੇ। ਜੇ ਬੋਧੀਚਿੱਤ ਦੁਆਰਾ ਪ੍ਰੇਰਿਤ ਹਾਂ – ਦੂਜਿਆਂ ਲਈ ਸਭ ਤੋਂ ਵਧੀਆ ਢੰਗ ਨਾਲ ਮੱਦਦਗਾਰ ਹੋਣ ਲਈ ਬੁੱਧ ਬਣਨ ਦੀ ਇੱਛਾ – ਉਹ ਸਾਨੂੰ ਪੂਰਨ ਪ੍ਰਕਾਸ਼ਵਾਨ ਹੋਣ ਵੱਲ ਲੈ ਜਾਂਦੇ ਹਨ।
ਛੇ ਉੱਚ-ਪੱਧਰ ਦੇ ਰਵੱਈਏ ਹਨ:
- ਉਦਾਰਤਾ
- ਨੈਤਿਕ ਸਵੈ-ਅਨੁਸ਼ਾਸਨ ਹੋਣਾ
- ਧੀਰਜ
- ਦ੍ਰਿੜਤਾ
- ਮਾਨਸਿਕ ਸਥਿਰਤਾ (ਇਕਾਗਰਤਾ)
- ਵਿਤਕਰਾਤਮਕ ਜਾਗਰੂਕਤਾ (ਸਿਆਣਪ)।
ਅਸੀਂ ਧਿਆਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਰਾਹੀਂ ਉਹਨਾਂ ਸੱਭ ਛੇ ਰਵੱਈਏ ਸਿੱਖਦੇ ਹਾਂ। ਜਿਵੇਂ ਅਸੀਂ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਕਸਰਤ ਕਰਦੇ ਹਾਂ, ਅਸੀਂ ਜਿੰਨਾ ਜ਼ਿਆਦਾ ਮਨ ਦੀ ਇਨ੍ਹਾਂ ਅਵਸਥਾਵਾਂ ਵਿਚ ਸ਼ਾਮਲ ਹੁੰਦੇ ਹਾਂ, ਉਹ ਉੱਨਾ ਹੀ ਮਜ਼ਬੂਤ ਬਣ ਜਾਂਦੇ ਹਨ। ਆਖਰਕਾਰ, ਉਹ ਸਾਡੀ ਜ਼ਿੰਦਗੀ ਵਿਚ ਇੰਨੇ ਏਕੀਕ੍ਰਿਤ ਹੋ ਜਾਣਗੇ ਕਿ ਉਹ ਕੁਦਰਤੀ ਤੌਰ 'ਤੇ ਅਸੀਂ ਹਰ ਸਮੇਂ ਆਪਣੇ ਅਤੇ ਦੂਜਿਆਂ ਨਾਲ ਕਿਵੇਂ ਸੰਬੰਧ ਰੱਖਦੇ ਹਾਂ ਦਾ ਹਿੱਸਾ ਬਣ ਜਾਣਗੇ।
ਉਦਾਰਤਾ
ਉਦਾਰਤਾ ਇਕ ਅਜਿਹਾ ਰਵੱਈਆ ਹੈ ਜਿੱਥੇ ਅਸੀਂ ਦੂਜਿਆਂ ਨੂੰ ਜੋ ਵੀ ਚਾਹੀਦਾ ਹੈ ਉਹ ਦੇਣ ਲਈ ਤਿਆਰ ਹਾਂ। ਇਸਦਾ ਅਸਲ ਵਿੱਚ ਇਹ ਮਤਲਬ ਨਹੀਂ ਹੈ ਕਿ ਸਾਨੂੰ ਬਿਲਕੁਲ ਸਭ ਕੁਝ ਦੇ ਦੇਣਾ ਪਏਗਾ ਅਤੇ ਆਪਣੇ ਆਪ ਨੂੰ ਭੱਦਾ ਅਤੇ ਗਰੀਬ ਬਣਾਉਣਾ ਪਏਗਾ, ਜਿਵੇਂ ਕਿ ਗਰੀਬੀ ਆਪ ਕਿਸੇ ਤਰ੍ਹਾਂ ਦੀ ਨੇਕੀ ਹੋਵੇ, ਜਿਵੇਂ ਕਿ ਕੁਝ ਧਰਮਾਂ ਵਿੱਚ ਸਿਖਾਇਆ ਜਾਂਦਾ ਹੈ। ਇੱਥੇ, ਉਦਾਰਤਾ ਦਾ ਅਰਥ ਹੈ ਕਿ ਅਸੀਂ ਬਿਨਾਂ ਝਿਜਕ ਅਤੇ ਰੁਕਾਵਟਾਂ ਦੇ ਦੇਣ ਲਈ ਤਿਆਰ ਹਾਂ, ਅਤੇ ਜਦੋਂ ਦੇਣਾ ਉਚਿਤ ਹੋਵੇ, ਜਿਸ ਲਈ ਸਾਨੂੰ ਵਿਤਕਰੇ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਅਸੀਂ ਕਿਸੇ ਨੂੰ ਬੰਦੂਕ ਨਹੀਂ ਦੇ ਦੇਵਾਂਗੇ ਜੋ ਲੋਕਾਂ ਨੂੰ ਮਾਰਨਾ ਚਾਹੁੰਦਾ ਹੋਵੇ, ਇਹ ਸੋਚ ਕੇ, “ਓਹ, ਮੈਂ ਬਹੁਤ ਖੁੱਲ੍ਹੇ ਦਿਲ ਵਾਲਾ ਹਾਂ! ਇਹ ਲਓ ਬੰਦੂਕ ਲਈ ਪੈਸੇ!” ਅਣਉਚਿਤ ਉਦਾਰਤਾ ਦੀ ਇਕ ਹੋਰ ਉਦਾਹਰਣ ਸ਼ਾਇਦ ਕਿਸੇ ਨੂੰ ਪੈਸਾ ਦੇਣਾ ਹੋਵੇ ਤਾਂ ਜੋ ਉਹ ਨਸ਼ੀਲੀਆਂ ਦਵਾਈਆਂ ਖਰੀਦ ਸਕਣ।
ਉਦਾਰਤਾ ਦਾ ਅਭਿਆਸ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਅਮੀਰ ਹੋਣਾ ਪਏਗਾ; ਭਾਵੇਂ ਅਸੀਂ ਬਹੁਤ ਗਰੀਬ ਹੋਈਏ ਅਤੇ ਸਾਡੇ ਕੋਲ ਪੇਸ਼ਕਸ਼ ਕਰਨ ਲਈ ਕੁਝ ਵੀ ਨਾ ਹੋਵੇ, ਫਿਰ ਵੀ ਸਾਡੇ ਕੋਲ ਦੇਣ ਦੀ ਇੱਛਾ ਹੋ ਸਕਦੀ ਹੈ। ਨਹੀਂ ਤਾਂ, ਗ਼ਰੀਬ ਲੋਕ ਉਦਾਰਤਾ ਕਿਵੇਂ ਪੈਦਾ ਕਰ ਸਕਦੇ? ਇਸ ਲਈ, ਜਦੋਂ ਵੀ ਅਸੀਂ ਇੱਕ ਸੁੰਦਰ ਸੂਰਜ ਡੁੱਬਦਾ ਵੇਖਦੇ ਹਾਂ, ਅਸੀਂ ਇਹ ਇੱਛਾ ਕਰਨ ਵਿੱਚ ਉਦਾਰ ਹੋ ਸਕਦੇ ਹਾਂ ਕਿ ਕਾਸ਼ ਹਰ ਕੋਈ ਇਸਦਾ ਅਨੰਦ ਲੈ ਸਕਦਾ। ਅਸੀਂ ਸੁੰਦਰ ਲੈਂਡਸਕੇਪਸ, ਚੰਗੇ ਮੌਸਮ, ਸੁਆਦੀ ਭੋਜਨ, ਆਦਿ ਨਾਲ ਵੀ ਇਹੀ ਕੰਮ ਕਰ ਸਕਦੇ ਹਾਂ। ਇਹ ਸਭ ਉਦਾਰਤਾ ਦੇ ਤੌਰ ਤੇ ਗਿਣਿਆ ਜਾਂਦਾ ਹੈ! ਅਸੀਂ ਨਾ ਸਿਰਫ ਉਨ੍ਹਾਂ ਚੀਜ਼ਾਂ ਪ੍ਰਤੀ ਉਦਾਰ ਹੋ ਸਕਦੇ ਹਾਂ ਜਿਹਨਾਂ ਦੇ ਅਸੀਂ ਆਪ ਮਾਲਕ ਹਾਂ, ਬਲਕਿ ਉਨ੍ਹਾਂ ਚੀਜ਼ਾਂ ਨਾਲ ਵੀ ਜੋ ਕਿਸੇ ਨਾਲ ਸਬੰਧਤ ਨਹੀਂ ਹਨ। ਧਿਆਨ ਵਿੱਚ, ਅਸੀਂ ਹਰ ਤਰਾਂ ਦੀਆਂ ਸ਼ਾਨਦਾਰ ਚੀਜ਼ਾਂ ਦੂਜਿਆਂ ਨੂੰ ਦੇਣ ਦੀ ਕਲਪਨਾ ਕਰ ਸਕਦੇ ਹਾਂ, ਪਰ ਜੇ ਸਾਡੇ ਕੋਲ ਅਸਲ ਵਿੱਚ ਅਜਿਹੀ ਕੋਈ ਚੀਜ਼ ਹੈ ਜੋ ਕਿਸੇ ਹੋਰ ਦੀ ਮਦਦ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਇਸਦੀ ਜ਼ਰੂਰਤ ਹੈ, ਤਾਂ ਅਸੀਂ ਸਿਰਫ ਉਨ੍ਹਾਂ ਨੂੰ ਦੇਣ ਦੀ ਕਲਪਨਾ ਨਹੀਂ ਕਰਦੇ। ਅਸੀਂ ਹਕੀਕਤ ਵਿੱਚ ਇਹ ਦੇ ਦਿੰਦੇ ਹਾਂ!
ਉਦਾਰਤਾ ਬਦਨੀਤੀ ਦੇ ਉਲਟ ਹੈ, ਜੋ ਕਿਸੇ ਵੀ ਚੀਜ਼ ਨੂੰ ਸਾਂਝਾ ਕਰਨ ਜਾਂ ਕਿਸੇ ਹੋਰ ਨੂੰ ਕੁਝ ਦੇਣ ਲਈ ਤਿਆਰ ਨਹੀਂ ਹੈ। ਇਹ ਬਦਨੀਤੀ ਆਮ ਤੌਰ 'ਤੇ ਇਸ ਭਾਵਨਾ ਦੇ ਨਾਲ ਜੁੜੀ ਹੁੰਦੀ ਹੈ ਕਿ ਜੇ ਅਸੀਂ ਦੂਜਿਆਂ ਨੂੰ ਦੇ ਦੇਵਾਂਗੇ, ਤਾਂ ਆਪਣੇ ਲਈ ਕੁਝ ਵੀ ਨਹੀਂ ਬਚੇਗਾ। ਪਰ, ਇਸ ਦੇ ਉਲਟ:
ਜੇ ਮੈਂ ਸਭ ਕੁਝ ਆਪਣੇ ਕੋਲ ਰੱਖੀ ਰੱਖਾਂ, ਤਾਂ ਦੂਜਿਆਂ ਨੂੰ ਦੇਣ ਲਈ ਕੀ ਬਚੇਗਾ? – ਤਿੱਬਤੀ ਵਿੱਚ ਕਹਿਣਾ ਹੈ
ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਕੱਟੜ ਨਾ ਬਣ ਜਾਈਏ। ਦੂਜਿਆਂ ਦੀ ਮਦਦ ਕਰਨ ਲਈ ਕੰਮ ਕਰਦੇ ਸਮੇਂ, ਸਾਨੂੰ ਆਪਣੇ ਖਾਣ ਅਤੇ ਸੌਣ ਦਾ ਖਿਆਲ ਰੱਖਣ ਦੀ ਜ਼ਰੂਰਤ ਹੈ। ਸਾਨੂੰ ਆਪਣੇ ਆਪ ਦੀ ਵੀ ਦੇਖਭਾਲ ਕਰਨ ਦੀ ਜ਼ਰੂਰਤ ਹੈ, ਤਾਂ ਕਿ ਉਦਾਰਤਾ ਨਾਲ ਅਸੀਂ ਜੋ ਸਾਡੇ ਕੋਲ ਹੈ ਉਸ ਨੂੰ ਸਾਂਝਾ ਕਰਨ ਬਾਰੇ ਵਧੇਰੇ ਗੱਲ ਕਰ ਪਾਈਏ। ਸੁਪਰ ਐਡਵਾਂਸਡ ਬੋਧੀਸੱਤਵ ਦੂਜਿਆਂ ਦੀ ਮਦਦ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਸਕਦੇ ਹਨ, ਪਰ ਸਾਡੇ ਪੜਾਅ 'ਤੇ ਅਸੀਂ ਯਥਾਰਥਵਾਦੀ ਤੌਰ 'ਤੇ ਇਹ ਨਹੀਂ ਕਰ ਸਕਦੇ। ਇਸ ਲਈ, ਅਸੀਂ ਸਭ ਕੁਝ ਉਸ ਬਿੰਦੂ ਤੱਕ ਨਹੀਂ ਦੇ ਸਕਦੇ ਅਤੇ ਨਾ ਹੀ ਦੇਣਾ ਚਾਹੀਦਾ ਹੈ ਜਿੱਥੇ ਅਸੀਂ ਆਪ ਭੁੱਖੇ ਮਰਦੇ ਹੋਈਏ। ਪਰ ਫਿਰ ਵੀ ਸਾਨੂੰ ਦੂਜਿਆਂ ਦੀ ਮਦਦ ਕਰਨ ਲਈ ਆਪਣਾ ਸਰੀਰ ਦਾ ਤਿਆਗ ਕਰਨ ਤਿਆਰ ਰਹਿਣਾ ਚਾਹੀਦਾ ਹੈ, ਜੋ ਮੁਸ਼ਕਲ ਜਾਂ ਥਕਾਵਟ ਵਾਲਾ ਕੰਮ ਕਰਨ, ਜਾਂ ਸਰੀਰਕ ਕਿਰਤ ਕਰਨ ਦੇ ਰੂਪ ਵਿਚ ਸਹਾਇਤਾ ਕਰਨਾ ਹੋ ਸਕਦਾ ਹੈ। ਸਾਨੂੰ ਆਪਣੇ ਹੱਥਾਂ ਨੂੰ ਗੰਦਾ ਕਰਨ ਤੋਂ ਨਹੀਂ ਡਰਨਾ ਚਾਹੀਦਾ।
ਉਦਾਰਤਾ ਵਿੱਚ ਉਹ ਸਾਂਝਾ ਕਰਨਾ ਵੀ ਸ਼ਾਮਲ ਹੈ ਜਿਸ ਨੂੰ ਸਾਡੀਆਂ "ਨੇਕੀ ਦੀਆਂ ਜੜ੍ਹਾਂ" ਕਿਹਾ ਜਾਂਦਾ ਹੈ, ਜੋ ਕਿ ਕਿਸੇ ਵੀ ਸਕਾਰਾਤਮਕ ਸ਼ਕਤੀ ਦੀਆਂ ਸਕਾਰਾਤਮਕ ਸੰਭਾਵਨਾਵਾਂ ਹਨ ਜੋ ਅਸੀਂ ਬਣਾਈਆਂ ਹਨ। ਮੈਂ ਆਪਣੇ ਜੀਵਨ ਤੋਂ ਇੱਕ ਮਿਸਾਲ ਵਰਤ ਸਕਦਾ ਹਾਂ: ਪਿਛਲੇ ਜੀਵਨ ਕਾਲ ਵਿੱਚ ਉਸਾਰੂ ਕਾਰਵਾਈ ਕਰਕੇ ਬਣਾਏ ਸਕਾਰਾਤਮਕ ਸੰਭਾਵਨਾ ਦੇ ਨਤੀਜੇ ਵਜੋਂ, ਮੈਨੂੰ ਭਾਰਤ ਵਿਚ ਮਹਾਨ ਬੋਧੀ ਗੁਰੂਆਂ ਨੂੰ ਮਿਲਣ ਅਤੇ ਅਧਿਐਨ ਕਰਨ ਅਤੇ ਸਾਰੇ ਸੰਸਾਰ ਭਰ ਵਿੱਚ ਸੱਦਾ ਦੇਣ ਅਤੇ ਬਹੁਤ ਸਾਰੇ ਹੈਰਾਨੀਜਨਕ ਲੋਕਾਂ ਨਾਲ ਸਕਾਰਾਤਮਕ ਕੁਨੈਕਸ਼ਨ ਬਣਾਉਣ ਦਾ ਮੌਕਾ ਮਿਲਿਆ ਹੈ। ਇਸ ਨੇ ਹੋਰ ਵੀ ਸਕਾਰਾਤਮਕ ਸੰਭਾਵਨਾਵਾਂ ਦਾ ਨਿਰਮਾਣ ਕੀਤਾ ਹੈ ਅਤੇ, ਮੇਰੇ ਅਭਿਆਸ ਦੇ ਹਿੱਸੇ ਵਜੋਂ, ਮੈਂ ਇਨ੍ਹਾਂ “ਨੇਕੀ ਦੀਆਂ ਜੜ੍ਹਾਂ” ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਇਹਨਾਂ ਤੋਂ ਜੋ ਵੀ ਲਾਭ ਹੋਇਆ ਹੈ ਉਹ ਆਪਣੇ ਤੱਕ ਸੀਮਿਤ ਨਹੀਂ ਰੱਖਦਾ। ਜਦੋਂ ਢੁਕਵਾਂ ਹੋਵੇ, ਤਾਂ ਮੈਂ ਇਨ੍ਹਾਂ ਗੁਰੂਆਂ ਅਤੇ ਦੁਨੀਆਂ ਭਰ ਦੇ ਹੋਰ ਸਿੱਖਿਅਤ, ਮਦਦਗਾਰ ਲੋਕਾਂ ਨਾਲ ਉਨ੍ਹਾਂ ਨੂੰ ਜਾਣੂ ਕਰਵਾ ਕੇ ਦੂਸਰਿਆਂ ਨੂੰ ਆਪਣੇ ਸੰਪਰਕ ਉਪਲਬਧ ਕਰਵਾਉਂਦਾ ਹਾਂ। ਮੈਂ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਤੋਂ ਜੋ ਕੁਝ ਸਿੱਖਿਆ ਹੈ ਅਤੇ ਕਈ ਦਹਾਕਿਆਂ ਤੋਂ ਭਾਰਤ ਵਿਚ ਅਧਿਐਨ ਕਰਨ ਅਤੇ ਧਿਆਨ ਕਰਨ ਵਿਚ ਜੋ ਸਮਾਂ ਬਿਤਾਇਆ ਹੈ, ਉਸ ਨੂੰ ਸਾਂਝਾ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਇਹੀ ਉਹ ਹੈ ਜਿਸਨੂੰ ਆਪਣੀਆਂ ਨੇਕੀ ਦੀਆਂ ਜੜ੍ਹਾਂ ਨੂੰ ਸਾਂਝਾ ਕਰਨਾ ਕਹਿੰਦੇ ਹਨ: ਦੂਜਿਆਂ ਲਈ ਦਰਵਾਜ਼ਾ ਖੋਲ੍ਹਣਾ।
ਆਮ ਤੌਰ 'ਤੇ, ਅਸੀਂ ਚਾਰ ਕਿਸਮਾਂ ਦੀ ਉਦਾਰਤਾ ਦੀ ਗੱਲ ਕਰਦੇ ਹਾਂ:
- ਸਮੱਗਰੀ ਦੇ ਰੂਪ ਵਿੱਚ ਸਹਾਇਤਾ ਕਰਨਾ
- ਸਿੱਖਿਆਵਾਂ ਅਤੇ ਸਲਾਹ ਦੇਣਾ
- ਡਰ ਤੋਂ ਸੁਰੱਖਿਆ ਪ੍ਰਦਾਨ ਕਰਨਾ
- ਪਿਆਰ ਕਰਨਾ
ਸਮੱਗਰੀ ਦੇ ਰੂਪ ਵਿੱਚ ਸਹਾਇਤਾ ਕਰਨ ਦੀ ਉਦਾਰਤਾ
ਸਮੱਗਰੀ ਦੇ ਰੂਪ ਵਿੱਚ ਸਹਾਇਤਾ ਕਰਨ ਦੀ ਉਦਾਰਤਾ ਦਾ ਮਤਲਬ ਸਾਡੀਆਂ ਚੀਜ਼ਾਂ, ਭੋਜਨ, ਕੱਪੜੇ, ਪੈਸਾ ਅਤੇ ਸਾਡੇ ਕੋਲ ਜੋ ਵੀ ਹੈ ਉਸ ਨਾਲ ਸਬੰਧਿਤ ਹੈ। ਇਸ ਵਿਚ ਦੇਣ ਦੀ ਭਾਵਨਾ ਸ਼ਾਮਲ ਹੈ ਜਦੋਂ ਦੇਣਾ ਉਚਿਤ ਹੋਵੇ ਅਤੇ ਸਤਿਕਾਰਯੋਗ ਢੰਗ ਨਾਲ ਦਿੱਤਾ ਜਾਵੇ, ਇਸ ਤਰ੍ਹਾਂ ਨਹੀਂ ਜਿਵੇਂ ਅਸੀਂ ਕੁੱਤੇ ਨੂੰ ਹੱਡੀ ਸੁੱਟਦੇ ਹਾਂ। ਸਾਨੂੰ ਸਮੱਗਰੀ ਦੇ ਰੂਪ ਵਿੱਚ ਸਹਾਇਤਾ ਦੇਣ ਦਾ ਅਭਿਆਸ ਕਰਨ ਲਈ ਅਮੀਰ ਹੋਣ ਅਤੇ ਬਹੁਤ ਸਾਰੀਆਂ ਚੀਜ਼ਾਂ ਦੇ ਮਾਲਕ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਅਸੀਂ ਉਹ ਚੀਜ਼ਾਂ ਵੀ ਦੇ ਸਕਦੇ ਹਾਂ ਜੋ ਸਾਡੇ ਕੋਲ ਨਹੀਂ ਹਨ। ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਾਹਰ ਜਾ ਕੇ ਚੋਰੀ ਕਰੀਏ, ਜਿਵੇਂ ਕਿ ਕੋਈ ਅੱਜ ਦੇ ਜ਼ਮਾਨੇ ਦੇ ਰੌਬਿਨ ਹੁੱਡ ਬਣਨਾ! ਇਸ ਦੀ ਬਜਾਏ, ਅਸੀਂ ਜਨਤਕ ਚੀਜ਼ਾਂ ਦੀ ਗੱਲ ਕਰ ਰਹੇ ਹਾਂ, ਜਿਵੇਂ ਕਿ ਵਾਤਾਵਰਣ ਨੂੰ ਸਾਫ ਕਰਨਾ ਤਾਂ ਜੋ ਦੂਸਰੇ ਲੋਕ ਇਸਦਾ ਅਨੰਦ ਲੈ ਸਕਣ। ਇਹ ਦੂਜਿਆਂ ਲਈ ਇਕ ਸ਼ਾਨਦਾਰ ਤੋਹਫ਼ਾ ਹੈ। ਅਸੀਂ ਕੋਈ ਵੀ ਖੁਸ਼ੀ ਦਾ ਤਜਰਬਾ ਸਾਂਝਾ ਕਰ ਸਕਦੇ ਹਾਂ, ਜਿਵੇਂ ਕਿ “ਹਰ ਕੋਈ ਖੂਬਸੂਰਤ ਮੌਸਮ ਦਾ ਅਨੰਦ ਲੈਣ ਦੇ ਯੋਗ ਹੋਵੇ,” ਆਦਿ।
ਸਾਨੂੰ ਸਿਰਫ ਅਸਲ ਭੌਤਿਕ ਵਸਤੂਆਂ ਦੇ ਰੂਪ ਵਿੱਚ ਹੀ ਨਹੀਂ ਸੋਚਣਾ ਚਾਹੀਦਾ। ਅਸੀਂ ਆਪਣੇ ਆਪ ਨੂੰ ਵੀ ਆਪਣੇ ਸਮੇਂ, ਕੰਮ, ਦਿਲਚਸਪੀ, ਊਰਜਾ, ਉਤਸ਼ਾਹ ਆਦਿ ਦੇ ਰੂਪ ਵਿੱਚ ਦੇ ਸਕਦੇ ਹਾਂ। ਇਹ ਸੱਭ ਸਮੱਗਰੀ ਦੇ ਰੂਪ ਵਿੱਚ ਉਦਾਰਤਾ ਕਰਨ ਦੇ ਹੁਨਰਮੰਦ ਤਰੀਕੇ ਹਨ।
ਸਪੱਸ਼ਟ ਤੌਰ 'ਤੇ, ਲੋਕਾਂ ਨੂੰ ਜ਼ਹਿਰ, ਹਥਿਆਰ, ਜਾਂ ਕੁਝ ਵੀ ਜੋ ਉਹ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਠੇਸ ਪਹੁੰਚਾਉਣ ਲਈ ਵਰਤ ਸਕਦੇ ਹਨ, ਦੇਣਾ ਅਣਉਚਿਤ ਹੈ।
ਸਿੱਖਿਆਵਾਂ ਅਤੇ ਸਲਾਹ ਦੇਣ ਦੀ ਉਦਾਰਤਾ
ਬੋਧੀ ਪ੍ਰਸੰਗ ਵਿੱਚ, ਇਹ ਧਰਮ – ਬੋਧੀ ਸਿੱਖਿਆਵਾਂ – ਦੇਣ ਬਾਰੇ ਹੈ ਪਰ ਅਸੀਂ ਇਸ ਨੂੰ ਗੈਰ-ਬੁੱਧ ਖੇਤਰਾਂ ਵਿੱਚ ਵੀ ਵਧਾ ਸਕਦੇ ਹਾਂ। ਇਹ ਸਿਰਫ ਸਿਖਿਆ ਕੇਂਦਰਾਂ ਵਿੱਚ ਸਿਖਾਉਣ, ਅਨੁਵਾਦ ਕਰਨ, ਲਿਖਣ, ਪ੍ਰਕਾਸ਼ਤ ਕਰਨ, ਜਾਂ ਬਣਾਉਣ ਅਤੇ ਕੰਮ ਕਰਨ ਬਾਰੇ ਨਹੀਂ ਹੈ, ਬਲਕਿ ਲੋਕਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣ, ਉਨ੍ਹਾਂ ਨੂੰ ਸਲਾਹ ਅਤੇ ਜਾਣਕਾਰੀ ਦੇਣਾ ਸ਼ਾਮਲ ਹੈ ਜੇ ਅਤੇ ਜਦੋਂ ਅਸੀਂ ਕਰ ਸਕਦੇ ਹਾਂ, ਅਤੇ ਇਸ ਤਰਾਂ ਹੋਰ ਕੰਮ ਕਰਨ ਬਾਰੇ ਹਨ।
ਸਾਕਿਆ (Sakya) ਪਰੰਪਰਾ ਵਿਚ ਸਮਾਧੀ ਦੀਆਂ ਭੇਟਾਂ (ਇਕਾਗਰਤਾ) ਵੀ ਹਨ, ਜਿਥੇ ਅਸੀਂ ਦੂਜਿਆਂ ਨੂੰ ਆਪਣੇ ਧਰਮ ਅਭਿਆਸ ਦੇ ਵੱਖੋ ਵੱਖਰੇ ਪਹਿਲੂ ਦਿੰਦੇ ਹਾਂ। ਉਹ ਸਭ ਕੁਝ ਜੋ ਅਸੀਂ ਅਧਿਐਨ ਕਰਨ ਅਤੇ ਪੜ੍ਹਨ ਤੋਂ ਸਿੱਖਿਆ ਹੈ, ਅਸੀਂ ਦੂਜਿਆਂ ਨੂੰ ਪੇਸ਼ ਕਰਦੇ ਹਾਂ ਅਤੇ ਇਸਦੀ ਵਰਤੋਂ ਉਨ੍ਹਾਂ ਦੀ ਸਹਾਇਤਾ ਲਈ ਕਰਦੇ ਹਾਂ। ਅਸੀਂ ਆਪਣੇ ਪੂਰਨ ਗਿਆਨ, ਦ੍ਰਿੜਤਾ, ਅਨੁਸ਼ਾਸਨ, ਸੂਝ ਅਤੇ ਇਕਾਗਰਤਾ, ਅਤੇ ਨਾਲ ਹੀ ਸਿੱਖਿਆਵਾਂ ਦੀਆਂ ਸਾਡੀਆਂ ਵਿਆਖਿਆਵਾਂ ਨਾਲ ਉਹੀ ਕਰਦੇ ਹਾਂ ਜੋ ਅਸੀਂ ਪ੍ਰਾਪਤ ਕੀਤਾ ਹੈ। ਇਹ ਸਭ ਧਰਮ ਦੇਣ ਦੀ ਉਦਾਰਤਾ ਦੀ ਸ਼੍ਰੇਣੀ ਦੇ ਅਧੀਨ ਆਵੇਗਾ, ਪਰ ਬੇਸ਼ਕ ਅਸੀਂ ਇਸ ਨੂੰ ਕਿਸੇ ਵੀ ਲਾਭਕਾਰੀ ਚੀਜ਼ ਨੂੰ ਦੂਜਿਆਂ ਨਾਲ ਸਾਂਝਾ ਕਰਨ ਲਈ ਵਧਾ ਸਕਦੇ ਹਾਂ ਜੋ ਅਸੀਂ ਜਾਣਦੇ ਹਾਂ।
ਡਰ ਤੋਂ ਸੁਰੱਖਿਆ ਦੇਣ ਦੀ ਉਦਾਰਤਾ
ਇਸ ਕਿਸਮ ਦੀ ਉਦਾਰਤਾ ਦੂਜੇ ਜੀਵਾਂ ਦੀ ਮਦਦ ਕਰਨ ਦਾ ਹਵਾਲਾ ਦਿੰਦੀ ਹੈ ਜਦੋਂ ਉਹ ਮਾੜੀ ਸਥਿਤੀ ਵਿੱਚ ਹੋਣ। ਇਸ ਵਿਚ ਉਨ੍ਹਾਂ ਜਾਨਵਰਾਂ ਨੂੰ ਬਚਾਉਣਾ ਸ਼ਾਮਲ ਹੈ ਜੋ ਮਾਰੇ ਜਾਂਦੇ ਹਨ, ਅਤੇ ਪਿੰਜਰੇ ਵਿਚ ਬੰਦ ਜੀਵਾਂ ਨੂੰ ਘੁੰਮਣ ਲਈ ਮੁਕਤ ਕਰਨਾ। ਸਵਿਮਿੰਗ ਪੂਲ ਵਿੱਚ ਡੁੱਬ ਰਹੀਆਂ ਮੱਖੀਆਂ ਨੂੰ ਬਚਾਉਣਾ, ਅਤੇ ਲੋਕਾਂ ਅਤੇ ਜਾਨਵਰਾਂ ਨੂੰ ਗੰਭੀਰ ਗਰਮੀ ਅਤੇ ਠੰਡ ਤੋਂ ਬਚਾਉਣਾ – ਇਹ ਸਭ ਸੁਰੱਖਿਆ ਪ੍ਰਦਾਨ ਕਰਨਾ ਹੈ। ਜੇ ਸਾਡੇ ਫਲੈਟ ਵਿਚ ਕੀਟ ਹੋਵੇ, ਤਾਂ ਅਸੀਂ ਇਸ ਨੂੰ ਬੱਸ ਖਿੜਕੀ ਤੋਂ ਬਾਹਰ ਨਹੀਂ ਸੁੱਟ ਦਿੰਦੇ, ਇਹ ਜਾਇਜ਼ ਠਹਿਰਾਉਂਦੇ ਹੋਏ ਕਿ ਜਦੋਂ ਇਹ ਪੰਜ ਫਲੋਰ ਹੇਠਾਂ ਡਿੱਗੇਗਾ ਤਾਂ ਇਸਨੂੰ ਨੁਕਸਾਨ ਨਹੀਂ ਪਹੁੰਚੇਗਾ। ਡਰ ਤੋਂ ਸੁਰੱਖਿਆ ਦੇਣ ਦੀ ਉਦਾਰਤਾ ਇਸ ਨੂੰ ਆਰਾਮ ਨਾਲ, ਬਾਹਰ ਲੈ ਜਾਣਾ ਹੁੰਦਾ। ਅਸੀਂ ਟਾਇਲਟ ਵਿੱਚ ਫਲਸ਼ ਕਰਦਿਆਂ ਇਸਦੀ ਯਾਤਰਾ ਵਿੱਚ ਸ਼ੁਭਕਾਮਨਾਵਾਂ ਕਰਦਿਆਂ ਇਸਨੂੰ ਫਲਸ਼ ਨਹੀਂ ਕਰਦੇ!
ਅਸੀਂ ਇੱਥੇ ਦੂਜਿਆਂ ਨੂੰ ਦਿਲਾਸਾ ਦੇਣਾ ਸ਼ਾਮਲ ਕਰ ਸਕਦੇ ਹਾਂ ਜਦੋਂ ਉਹ ਡਰੇ ਹੋਏ ਹੁੰਦੇ ਹਨ, ਭਾਵੇਂ ਇਹ ਸਾਡੇ ਬੱਚੇ ਹੋਣ ਜਾਂ ਸ਼ਾਇਦ ਕੋਈ ਜਾਨਵਰ ਜਿਸਦਾ ਸ਼ਿਕਾਰ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ, ਜੇ ਕੋਈ ਬਿੱਲੀ ਚੂਹੇ ਨੂੰ ਮਾਰ ਰਹੀ ਹੈ, ਤਾਂ ਅਸੀਂ ਇਸ ਨੂੰ ਖੋਹ ਕੇ ਚੂਹੇ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਾਂਗੇ।
ਤੰਤਰ ਵਿੱਚ, ਡਰ ਤੋਂ ਸੁਰੱਖਿਆ ਦੇਣ ਦੀ ਉਦਾਰਤਾ ਦੀ ਇੱਕ ਹੋਰ ਵਿਆਖਿਆ ਹੈ, ਜੋ ਕਿ ਦੂਜਿਆਂ ਨੂੰ ਆਪਣੇ ਅਨੁਪਾਤ ਵਿੱਚ ਰੱਖਣਾ ਹੈ। ਇਸਦਾ ਅਰਥ ਇਹ ਹੈ ਕਿ ਦੂਜਿਆਂ ਨੂੰ ਸਾਡੇ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਉਨ੍ਹਾਂ ਨਾਲ ਲਗਾਵ ਕਰਕੇ ਨਹੀਂ ਜੁੜਾਂਗੇ, ਉਨ੍ਹਾਂ ਨੂੰ ਗੁੱਸੇ ਅਤੇ ਦੁਸ਼ਮਣੀ ਅਧੀਨ ਛੱਡਾਂਗੇ ਨਹੀਂ, ਜਾਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਾਂਗੇ। ਇੱਥੇ, ਅਸੀਂ ਹਰ ਕਿਸੇ ਲਈ ਬਰਾਬਰ ਖੁੱਲ੍ਹੇ ਹਾਂ, ਜੋ ਕਿਸੇ ਲਈ ਕੁੱਝ ਕਰਨ ਦਾ ਅਸਲ ਵਿੱਚ ਸ਼ਾਨਦਾਰ ਤੋਹਫ਼ਾ ਹੈ।
ਪਿਆਰ ਦੇਣ ਦੀ ਉਦਾਰਤਾ
ਤੰਤਰ ਇਕ ਚੌਥੀ ਕਿਸਮ ਦੀ ਉਦਾਰਤਾ ਦੀ ਵੀ ਗੱਲ ਕਰਦਾ ਹੈ, ਜਿਸ ਨੂੰ ਪਿਆਰ ਦੇਣਾ ਕਿਹਾ ਜਾਂਦਾ ਹੈ। ਇਹ ਉਹ ਥਾਂ ਨਹੀਂ ਹੈ ਜਿੱਥੇ ਅਸੀਂ ਸਾਰਿਆਂ ਨੂੰ ਜੱਫੀਆਂ ਪਾਉਂਦੇ ਫਿਰਦੇ ਹਾਂ, ਬਲਕਿ ਜਿੱਥੇ ਅਸੀਂ ਸਾਰਿਆਂ ਦੇ ਖੁਸ਼ ਰਹਿਣ ਦੀ ਇੱਛਾ ਕਰਦੇ ਹਾਂ। ਇਹ ਪਿਆਰ ਦੀ ਪਰਿਭਾਸ਼ਾ ਹੈ - ਹਰੇਕ ਜੀਵ ਦੀ ਖੁਸ਼ੀ ਦੀ ਇੱਛਾ ਕਰਨਾ ਅਤੇ ਖੁਸ਼ੀਆਂ ਦੇ ਕਾਰਨ ਬਣਨਾ।
ਸਹੀ ਤਰੀਕੇ ਨਾਲ ਦਾਨ ਕਿਵੇਂ ਕਰੀਏ
ਜਦੋਂ ਅਸੀਂ ਹਰੇਕ ਉੱਚ-ਪੱਧਰ ਦੇ ਰਵੱਈਏ ਦਾ ਅਭਿਆਸ ਕਰਦੇ ਹਾਂ, ਤਾਂ ਅਸੀਂ ਦੂਜੇ ਪੰਜਾਂ ਨੂੰ ਵੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਦਾਰਤਾ ਦਾ ਅਭਿਆਸ ਕਰਨ ਵਿੱਚ:
- ਨੈਤਿਕ ਅਨੁਸ਼ਾਸਨ ਦੇ ਨਾਲ, ਅਸੀਂ ਆਪਣੇ ਆਪ ਨੂੰ ਗ਼ਲਤ ਜਾਂ ਖਰਾਬ ਮਨੋਰਥਾਂ ਤੋਂ ਦੂਰ ਰੱਖਦੇ ਹਾਂ।
- ਧੀਰਜ ਦੇ ਨਾਲ, ਸਾਨੂੰ ਸ਼ਾਮਲ ਕਿਸੇ ਵੀ ਮੁਸ਼ਕਲ ਨੂੰ ਸਹਿਣ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ।
- ਦ੍ਰਿੜ੍ਹਤਾ ਦੇ ਨਾਲ, ਅਸੀਂ ਆਪਣਾ ਫ਼ਰਜ਼ ਜਾਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਰਹਿਣ ਨੂੰ ਬਹੁਤ ਹਵਾ ਦਿੱਤੇ ਬਿਨਾ ਦਾਨ ਕਰਨ ਵਿੱਚ ਖ਼ੁਸ਼ੀ ਪ੍ਰਾਪਤ ਕਰਦੇ ਹਾਂ।
- ਮਾਨਸਿਕ ਸਥਿਰਤਾ ਦੇ ਨਾਲ, ਸਾਡੀ ਇਕਾਗਰਤਾ ਸਕਾਰਾਤਮਕ ਸ਼ਕਤੀ ਦੇ ਸਮਰਪਣ ਉੱਤੇ ਹੁੰਦੀ ਹੈ ਜੋ ਦੇਣ ਤੋਂ ਬਣੀ ਹੈ।
- ਵਿਤਕਰਾਤਮਕ ਜਾਗਰੂਕਤਾ ਦੇ ਨਾਲ, ਸਾਨੂੰ ਅਹਿਸਾਸ ਹੁੰਦਾ ਹੈ ਕਿ ਦੇਣ ਵਾਲਾ (ਅਸੀਂ ਆਪ), ਪ੍ਰਾਪਤ ਕਰਨ ਵਾਲਾ, ਅਤੇ ਉਹ ਵਸਤੂ ਜੋ ਦਿੱਤੀ ਗਈ ਹੈ, ਸੱਭ ਵਿੱਚ ਸਵੈ-ਸਥਾਪਿਤ ਹੋਂਦ ਦੀ ਘਾਟ ਹੈ। ਉਹ ਸਾਰੇ ਇਕ ਦੂਜੇ 'ਤੇ ਨਿਰਭਰ ਕਰਦੇ ਹਨ। ਪ੍ਰਾਪਤ ਕਰਨ ਵਾਲੇ ਤੋਂ ਬਿਨਾਂ ਕੋਈ ਦੇਣ ਵਾਲਾ ਨਹੀਂ ਹੁੰਦਾ।
ਉਦਾਰਤਾ ਅਤੇ ਅਣਉਚਿਤ ਪ੍ਰੇਰਣਾ
ਬਹੁਤ ਸਾਰੀਆਂ ਸਥਿਤੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਅਸੀਂ ਕੁਝ ਗਲਤ ਤਰੀਕੇ ਨਾਲ ਦੇ ਰਹੇ ਹਾਂ, ਅਤੇ ਸਾਨੂੰ ਇਨ੍ਹਾਂ ਤੋਂ ਬਚਣ ਦੀ ਜ਼ਰੂਰਤ ਹੈ। ਅਸੀਂ ਇਸ ਉਮੀਦ ਨਾਲ ਦੇ ਸਕਦੇ ਹਾਂ ਕਿ ਸ਼ਾਇਦ ਦੂਸਰੇ ਲੋਕ ਸਾਡੇ ਤੋਂ ਪ੍ਰਭਾਵਿਤ ਹੋਣਗੇ, ਜਾਂ ਇਹ ਸੋਚ ਕਿ ਜਾਂ, ਇਹ ਆਮ ਗੱਲ ਹੈ ਕਿ ਜਦੋਂ ਅਸੀਂ ਦਿੰਦੇ ਹਾਂ, ਤਾਂ ਸਾਨੂੰ ਬਦਲੇ ਵਿਚ ਕੁਝ ਪ੍ਰਾਪਤ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ, ਭਾਵੇਂ ਇਹ ਸਿਰਫ ਤੁਹਾਡਾ ਧੰਨਵਾਦ ਕਰਨਾ ਹੀ ਕਿਉਂ ਨਾ ਹੋਵੇ। ਜਦੋਂ ਅਸੀਂ ਦਿੰਦੇ ਹਾਂ, ਹਾਲਾਂਕਿ, ਬਦਲੇ ਵਿੱਚ ਕਿਸੇ ਵੀ ਚੀਜ਼ ਦੀ ਉਮੀਦ ਕਰਨਾ ਗਲਤ ਹੈ, ਇੱਥੋਂ ਤੱਕ ਕਿ ਧੰਨਵਾਦ ਵੀ ਨਹੀਂ, ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਕਰਨ ਵਿੱਚ ਵੱਡੀ ਸਫਲਤਾ ਨੂੰ ਤਾਂ ਛੱਡ ਹੀ ਦਿਓ। ਇਹ ਮੁੱਖ ਤੌਰ 'ਤੇ ਉਨ੍ਹਾਂ ਦੇ ਕਰਮ 'ਤੇ ਨਿਰਭਰ ਕਰਦਾ ਹੈ। ਅਸੀਂ ਕੁਝ ਮਦਦ ਦੀ ਪੇਸ਼ਕਸ਼ ਕਰ ਸਕਦੇ ਹਾਂ, ਪਰ ਸਾਨੂੰ ਬਦਲੇ ਵਿਚ ਸਫਲਤਾ ਜਾਂ ਸ਼ੁਕਰਗੁਜ਼ਾਰੀ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਮੈਨੂੰ ਯਾਦ ਹੈ ਕਿ ਇੱਕ ਵਾਰ ਧਰਮਸ਼ਾਲਾ, ਭਾਰਤ ਵਿੱਚ ਮੀਂਹ ਦੇ ਮੌਸਮ ਵਿੱਚ ਚੂਹਾ ਪਾਣੀ ਦੇ ਨਾਲੇ ਵਿੱਚ ਡੁੱਬ ਰਿਹਾ ਸੀ । ਮੈਂ ਇਸ ਨੂੰ ਬਾਹਰ ਕੱਢਿਆ ਅਤੇ ਸੁੱਕਣ ਲਈ ਜ਼ਮੀਨ 'ਤੇ ਰੱਖ ਦਿੱਤਾ, ਅਤੇ ਜਦੋਂ ਇਹ ਉਥੇ ਪਿਆ ਹੋਇਆ ਸੀ, ਇੱਕ ਵੱਡੀ ਇੱਲ ਹੇਠਾਂ ਆਈ ਅਤੇ ਇਸਨੂੰ ਚੁੱਕ ਕੇ ਲੈ ਗਈ। ਹਰ ਚੀਜ਼ ਵਿਅਕਤੀ ਦੇ ਕਰਮ 'ਤੇ ਨਿਰਭਰ ਕਰਦੀ ਹੈ, ਭਾਵੇਂ ਅਸੀਂ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੀਏ। ਅਸੀਂ ਕਿਸੇ ਨੂੰ ਸਫਲ ਹੋਣ ਦੇ ਸਾਰੇ ਮੌਕੇ ਅਤੇ ਸਹਾਇਤਾ ਪ੍ਰਦਾਨ ਕਰ ਸਕਦੇ ਹਾਂ, ਪਰ ਉਹ ਤਾਂ ਵੀ ਉਹਨਾਂ ਸੱਭ ਨੂੰ ਕਿਸੇ ਭਿਆਨਕ ਅਸਫਲਤਾ ਵਜੋਂ ਬਦਲ ਸਕਦੇ ਹਨ।
ਇਸ ਤੋਂ ਇਲਾਵਾ, ਜੇ ਕੋਈ ਚੰਗਾ ਨਤੀਜਾ ਨਿਕਲਦਾ ਹੈ, ਤਾਂ ਸਾਨੂੰ ਕਦੇ ਵੀ ਦੂਸਰੇ ਵਿਅਕਤੀ ਤੋਂ ਪ੍ਰਸੰਸਾ ਨਹੀਂ ਕਰਵਾਉਣੀ ਚਾਹੀਦੀ, ਜਾਂ ਉਨ੍ਹਾਂ ਨੂੰ ਉਹ ਸਭ ਕੁਝ ਯਾਦ ਨਹੀਂ ਕਰਾਉਣਾ ਚਾਹੀਦਾ ਜੋ ਅਸੀਂ ਉਹਨਾਂ ਲਈ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਹੈ। ਜਦੋਂ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਦੂਸਰਿਆਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ, ਇਹ ਸੋਚਦੇ ਹੋਏ ਕਿ ਅਸੀਂ ਉਨ੍ਹਾਂ ਉੱਤੇ ਬਹੁਤ ਵੱਡੀ ਮਿਹਰਬਾਨੀ ਕਰ ਰਹੇ ਹਾਂ। ਅਸਲ ਵਿਚ, ਉਹ ਸਵੀਕਾਰ ਕਰ ਕੇ ਅਤੇ ਸਾਨੂੰ ਸਕਾਰਾਤਮਕ ਸ਼ਕਤੀ ਨੂੰ ਬਣਾਉਣ ਦੀ ਆਗਿਆ ਦੇ ਕੇ ਸਾਡੇ ਉੱਤੇ ਅਹਿਸਾਨ ਕਰ ਰਹੇ ਹਨ ਜੋ ਸਾਡੇ ਪ੍ਰਕਾਸ਼ਵਾਨ ਹੋਣ ਵਿੱਚ ਮੱਦਦ ਕਰੇਗਾ, ਅਤੇ ਸਾਨੂੰ ਜਿੰਨਾ ਸੰਭਵ ਹੋ ਸਕੇ ਦੂਜਿਆਂ ਦੀ ਸਹਾਇਤਾ ਕਰਨ ਦੇ ਯੋਗ ਬਣਾਏਗਾ।
ਪਸ਼ਚਾਤਾਪ ਜਾਂ ਜਿੰਮੇਵਾਰੀ ਦੇ ਕਾਰਨ ਕਿਸੇ ਨੂੰ ਦੇਣ ਦੀ ਪ੍ਰੇਰਨਾ ਵੀ ਗਲਤ ਹੈ, ਜਿਸ ਵਿੱਚ ਇਹ ਸੋਚਿਆ ਜਾਂਦਾ ਹੈ ਕਿ ਜੇ ਕਿਸੇ ਹੋਰ ਨੇ ਦਾਨ ਦਿੱਤਾ ਹੈ, ਤਾਂ ਸਾਨੂੰ ਉਸੇ ਤਰ੍ਹਾਂ ਕਰਨਾ ਪਵੇਗਾ ਜਾਂ ਉਹਨਾਂ ਤੋਂ ਵੀ ਵੱਧ ਦਾਨ ਦੇ ਕੇ ਉਨ੍ਹਾਂ ਨੂੰ ਪਛਾੜਨਾ ਪਵੇਗਾ।
ਉਦਾਰਤਾ ਅਤੇ ਸਹੀ ਪ੍ਰੇਰਨਾ
ਜਦੋਂ ਅਸੀਂ ਉਦਾਰਤਾ ਨਾਲ ਪੇਸ਼ ਆਉਂਦੇ ਹਾਂ, ਤਾਂ ਸਾਨੂੰ ਸਿਰਫ਼ ਇਹ ਸੋਚਣ ਦੀ ਲੋੜ ਹੁੰਦੀ ਹੈ ਕਿ ਸਾਨੂੰ ਅਸਥਾਈ ਤੌਰ ਤੇ ਅਤੇ ਪੂਰੀ ਤਰ੍ਹਾਂ ਪ੍ਰਾਪਤਕਰਤਾ ਦਾ ਫ਼ਾਇਦਾ ਕਰਨਾ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਅਤੇ ਭਾਵੇਂ ਇਹ ਸਫਲ ਹੁੰਦਾ ਹੈ ਜਾਂ ਨਹੀਂ, ਘੱਟੋ ਘੱਟ ਅਸੀਂ ਕੋਸ਼ਿਸ਼ ਕਰਦੇ ਹਾਂ। ਇਹ ਸਿਰਫ "ਯਕੀਨਨ, ਮੈਂ ਸਾਰੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰਨਾ ਚਾਹੁੰਦਾ ਹਾਂ" ਦਾ ਕੋਈ ਓਪਰਾ ਵਿਚਾਰ ਕਰਨਾ, ਅਤੇ ਫਿਰ ਅਸੀਂ ਭਾਂਡੇ ਧੋਣ ਵਿੱਚ ਸਹਾਇਤਾ ਕਰਨ ਜਿੰਨਾ ਪਰੇਸ਼ਾਨ ਵੀ ਨਾ ਹੋਈਏ ਅਜਿਹਾ ਕਰਨਾ ਨਹੀਂ ਹੈ!
ਬੇਸ਼ਕ, ਉਦਾਰਤਾ ਦੋਵਾਂ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਜੇ ਦੂਸਰੇ ਸਾਡੀ ਮਦਦ ਕਰਨਾ ਚਾਹੁੰਦੇ ਹਨ ਅਤੇ ਉਦਾਰ ਬਣਨਾ ਚਾਹੁੰਦੇ ਹਨ, ਤਾਂ ਸਾਨੂੰ ਮਾਣ ਨਹੀਂ ਹੋਣਾ ਚਾਹੀਦਾ ਅਤੇ ਸੱਦੇ ਜਾਂ ਤੋਹਫ਼ੇ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ ਜਦੋਂ ਕੋਈ ਉਨ੍ਹਾਂ ਲਈ ਕੁਝ ਖਰੀਦਣ ਦੀ ਕੋਸ਼ਿਸ਼ ਕਰਦਾ ਹੈ, ਇੱਥੋਂ ਤਕ ਕਿ ਰਾਤ ਦੇ ਖਾਣੇ ਵਰਗੀ ਛੋਟੀ ਜਿਹੀ ਚੀਜ਼ ਵੀ। ਅਜਿਹਾ ਕਰਨ ਨਾਲ, ਅਸੀਂ ਉਨ੍ਹਾਂ ਨੂੰ ਸਕਾਰਾਤਮਕ ਸ਼ਕਤੀ ਬਣਾਉਣ ਦੇ ਮੌਕੇ ਤੋਂ ਵਾਂਝਾ ਕਰ ਰਹੇ ਹਾਂ। ਇਹ ਬੋਧੀਸੱਤਵ ਵਚਨਾਂ ਵਿੱਚ ਹੈ, ਅਸਲ ਵਿੱਚ, ਸਾਨੂੰ ਸੱਦੇ ਅਤੇ ਲੋਕਾਂ ਦੀ ਸਹਾਇਤਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨੀ ਹੁੰਦੀ ਹੈ, ਜਦੋਂ ਤੱਕ ਇਹ ਉਨ੍ਹਾਂ ਲਈ ਨੁਕਸਾਨਦੇਹ ਨਾ ਹੋਵੇ।
ਮੈਂ ਇਕ ਵਾਰ ਇਟਲੀ ਵਿਚ ਸਰਕੋਂਗ ਰਿਨਪੋਚੇ (Serkong Rinpoche) ਨਾਲ ਯਾਤਰਾ ਕਰ ਰਿਹਾ ਸੀ ਜਦੋਂ ਕੋਈ ਉਹਨਾਂ ਨੂੰ ਕੁਝ ਪ੍ਰਸ਼ਨ ਪੁੱਛਣ ਆਇਆ। ਜਦੋਂ ਉਹ ਜਾਣ ਲੱਗੇ, ਤਾਂ ਉਨ੍ਹਾਂ ਨੇ ਦਰਵਾਜ਼ੇ ਦੇ ਕੋਲ ਮੇਜ਼ 'ਤੇ ਇਕ ਭੇਟ ਵਾਲਾ ਲਿਫ਼ਾਫ਼ਾ ਰੱਖਿਆ। ਸਰਕੋਂਗ ਰਿਨਪੋਚੇ (Serkong Rinpoche) ਨੇ ਮੈਨੂੰ ਇਹ ਕਹਿੰਦਿਆਂ ਇਕ ਮਹੱਤਵਪੂਰਣ ਨੁਕਤਾ ਦਿੱਤਾ, “ਇਹ ਦੇਣ ਦਾ ਸਹੀ ਤਰੀਕਾ ਹੈ। ਉਹ ਲੋਕ ਨਹੀਂ ਜੋ ਅੰਦਰ ਆਉਂਦੇ ਹਨ ਅਤੇ ਅਜਿਹਾ ਕੁੱਝ ਨਿੱਜੀ ਤੌਰ 'ਤੇ ਲਾਮਾ ਨੂੰ ਦਿੰਦਿਆਂ ਵੱਡਾ ਪ੍ਰਦਰਸ਼ਨ ਕਰਦੇ ਹਨ, ਤਾਂ ਜੋ ਲਾਮਾ ਜਾਣ ਜਾਏ ਕਿ ਇਹ ਕਿਸਨੇ ਦਿੱਤਾ ਹੈ ਅਤੇ ਉਹ ਸੱਚਮੁੱਚ ਇਸ ਦੀ ਕਦਰ ਕਰੇ ਅਤੇ ਉਨ੍ਹਾਂ ਬਾਰੇ ਬਿਹਤਰ ਸੋਚੇ।” ਚੁੱਪ-ਚਾਪ, ਗੁਮਨਾਮ, ਵੱਡਾ ਪ੍ਰਦਰਸ਼ਨ ਕੀਤੇ ਬਿਨਾਂ ਦੇਣਾ ਹਮੇਸ਼ਾਂ ਬਿਹਤਰ ਹੁੰਦਾ ਹੈ। ਇਸ ਪ੍ਰਸੰਨ ਅਤੇ ਸਤਿਕਾਰਯੋਗ ਢੰਗ ਨਾਲ ਅਜਿਹਾ ਕਰਨਾ ਸਭ ਤੋਂ ਵਧੀਆ ਹੈ।
ਦੂਜਿਆਂ ਨੂੰ ਉਸ ਚੀਜ਼ ਦੀ ਉਡੀਕ ਨਾ ਕਰਾਓ ਜੋ ਅਸੀਂ ਦੇਣ, ਜਾਂ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ ਜਿਸਨੂੰ ਅਸੀਂ ਕੱਲ੍ਹ ਦੇਣਾ ਹੁੰਦਾ ਹੈ। ਇਹ ਦੁਬਾਰਾ ਭੇਟਾਂ ਦੇਣ ਵਰਗਾ ਹੁੰਦਾ ਹੈ। ਸਰਕੋਂਗ ਰਿਨਪੋਚੇ (Serkong Rinpoche) ਪਰਮ ਪਵਿੱਤਰ ਦਲਾਈ ਲਾਮਾ ਦੇ ਗੁਰੂਆਂ ਵਿਚੋਂ ਇੱਕ ਸਨ ਅਤੇ ਕਿੰਨੇ ਸਾਰੇ ਲੋਕ ਉਨ੍ਹਾਂ ਨੂੰ ਮਿਲਣ ਆਉਂਦੇ ਸਨ। ਉਹਨਾਂ ਨੇ ਨੋਟ ਕੀਤਾ ਕਿ ਉਹਨਾਂ ਨੂੰ ਇਹ ਬੇਤੁਕਾ ਅਤੇ ਥੋੜਾ ਹਾਸੋਹੀਣਾ ਲੱਗਿਆ ਕਿ ਲੋਕ ਉਦੋਂ ਤੱਕ ਇੰਤਜ਼ਾਰ ਕਰਿਆ ਕਰਦੇ ਜਦੋਂ ਤੱਕ ਉਹ ਲੋਕ ਉਹਨਾਂ ਸਾਮ੍ਹਣੇ ਕੁਝ ਵਿਸਤ੍ਰਿਤ ਮੱਥਾ ਟੇਕਣ ਦੀ ਰਸਮ ਪੂਰੀ ਨਹੀਂ ਕਰ ਲੈਂਦੇ, ਜਿਸ ਉੱਤੇ ਉਹਨਾਂ ਨੇ ਕਿਹਾ, “ਇਹ ਸਭ ਮੇਰਾ ਸਮਾਂ ਬਰਬਾਦ ਕਰਦਾ ਹੈ। ਮੈਨੂੰ ਉਨ੍ਹਾਂ ਨੂੰ ਮੱਥਾ ਟੇਕਣ ਦੀ ਰਸਮ ਕਰਦਿਆਂ ਵੇਖਣ ਦੀ ਜ਼ਰੂਰਤ ਨਹੀਂ ਹੈ। ਇਸ ਵਿੱਚ ਮੇਰਾ ਫਾਇਦਾ ਨਹੀਂ ਹੈ ਕਿ ਉਹ ਮੱਥਾ ਟੇਕਣ ਦੀ ਰਸਮ ਕਰਦੇ ਹਨ। ਉਨ੍ਹਾਂ ਨੂੰ ਅੰਦਰ ਆਉਣ ਤੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ ਹੈ ਤਾਂ ਜੋ ਉਹ ਸਿੱਧੇ ਮੇਰੇ ਨਾਲ ਉਹ ਗੱਲ ਕਰ ਸਕਣ ਜੋ ਉਹ ਕਹਿਣਾ ਚਾਹੁੰਦੇ ਹਨ।” ਤਿੱਬਤੀ ਲੋਕਾਂ ਲਈ ਲਾਮਾ ਨੂੰ ਕਾਟਾਸ – ਰਸਮੀ ਤੌਰ ‘ਤੇ ਮੱਥਾ ਟੇਕਣਾ ਬਹੁਤ ਆਮ ਗੱਲ ਹੈ, ਪਰ ਇਹ ਉਨ੍ਹਾਂ ਨੂੰ ਪ੍ਰਭਾਵਤ ਕਰਨ ਲਈ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। ਯਾਦ ਰੱਖੋ, ਮੱਥਾ ਟੇਕਣਾ ਸਾਡੇ ਫ਼ਾਇਦੇ ਲਈ ਹੈ, ਗੁਰੂ ਦੇ ਫਾਇਦੇ ਲਈ ਨਹੀਂ ਹੈ।
ਵਿਅਕਤੀਗਤ ਤੌਰ ‘ਤੇ ਦੇਣਾ
ਜੋ ਵੀ ਅਸੀਂ ਦੇਣ ਦਾ ਫੈਸਲਾ ਕਰਦੇ ਹਾਂ, ਇਹ ਮਹੱਤਵਪੂਰਣ ਹੈ ਕਿ ਅਸੀਂ ਇਸ ਨੂੰ ਆਪਣੇ ਪੱਧਰ ਉੱਤੇ, ਨਿੱਜੀ ਤੌਰ 'ਤੇ ਦੇਈਏ। ਅਤੀਸ਼ਾ (Atisha) ਕੋਲ ਇੱਕ ਸੇਵਾਦਾਰ ਸੀ ਜੋ ਗੁਰੂ ਲਈ ਸੱਭ ਤਰ੍ਹਾਂ ਦੀਆਂ ਭੇਟਾਂ ਕਰਨਾ ਚਾਹੁੰਦਾ ਸੀ, ਪਾਣੀ ਦੇ ਕਟੋਰੇ ਭਰਨਾ ਅਤੇ ਇਸ ਤਰਾਂ ਹੋਰ ਸੱਭ ਕੁੱਝ। ਅਤੀਸ਼ਾ (Atisha) ਨੇ ਕਿਹਾ, “ਮੇਰੇ ਲਈ ਇਹ ਆਪ ਕਰਨਾ ਬਹੁਤ ਮਹੱਤਵਪੂਰਨ ਹੈ। ਕੀ ਤੁਸੀਂ ਮੇਰੀ ਜਗ੍ਹਾ ਖਾ ਵੀ ਲਓਗੇ?" ਜਦੋਂ ਵੀ ਇਹ ਸੰਭਵ ਹੁੰਦਾ ਹੈ, ਸਾਨੂੰ ਅਜਿਹੇ ਕੰਮ ਨਿੱਜੀ ਤੌਰ 'ਤੇ ਖੁਦ ਕਰਨੇ ਚਾਹੀਦੇ ਹਨ।
ਜੇ ਅਸੀਂ ਕੁਝ ਦੇਣ ਦਾ ਫੈਸਲਾ ਕਰਦੇ ਹਾਂ, ਤਾਂ ਸਾਨੂੰ ਆਪਣਾ ਮਨ ਨਹੀਂ ਬਦਲਣਾ ਚਾਹੀਦਾ ਜਾਂ ਫਿਰ ਬਾਅਦ ਵਿਚ ਪਛਤਾਉਣਾ ਨਹੀਂ ਚਾਹੀਦਾ ਅਤੇ ਇਸ ਨੂੰ ਵਾਪਸ ਨਹੀਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਕ ਵਾਰ ਜਦੋਂ ਅਸੀਂ ਕੁਝ ਦੇ ਦਿੰਦੇ ਹਾਂ, ਤਾਂ ਸਾਨੂੰ ਇਸ ਗੱਲ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ ਕਿ ਇਸ ਦੀ ਵਰਤੋਂ ਉਸ ਤਰੀਕੇ ਨਾਲ ਕੀਤੀ ਜਾਵੇ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਇਸ ਦੀ ਵਰਤੋਂ ਕਰਨ; ਇਹ ਖ਼ਾਸਕਰ ਉਦੋਂ ਲਾਗੂ ਹੁੰਦਾ ਹੈ ਜਦੋਂ ਅਸੀਂ ਪੈਸੇ ਦਿੰਦੇ ਹਾਂ, ਇਸ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਕਿਵੇਂ ਖਰਚੇ ਜਾਣ। ਇਹ ਇਸ ਤਰ੍ਹਾਂ ਹੈ ਜਦੋਂ ਅਸੀਂ ਕਿਸੇ ਨੂੰ ਤਸਵੀਰ ਦਿੰਦੇ ਹਾਂ ਅਤੇ ਫਿਰ ਅਸੀਂ ਉਨ੍ਹਾਂ ਦੇ ਘਰ ਜਾਂਦੇ ਹਾਂ ਅਤੇ ਦੇਖਦੇ ਹਾਂ ਕਿ ਇਹ ਕੰਧ 'ਤੇ ਨਹੀਂ ਲਟਕਾਈ ਗਈ – ਅਸੀਂ ਥੋੜਾ ਦੁਖੀ ਮਹਿਸੂਸ ਕਰਦੇ ਹਾਂ। ਅਸਲ ਵਿਚ, ਇਕ ਵਾਰ ਜਦੋਂ ਅਸੀਂ ਕੁਝ ਦੇ ਦਿੰਦੇ ਹਾਂ, ਇਹ ਹੁਣ ਸਾਡਾ ਨਹੀਂ ਰਿਹਾ।
ਮੈਨੂੰ ਯਾਦ ਹੈ ਕਿ ਇਕ ਵਾਰ ਧਰਮਸ਼ਾਲਾ ਵਿਚ ਮੱਠ ਸੀ ਜਿੱਥੇ ਖਾਣੇ ਦੀ ਗੁਣਵੱਤਾ ਬਹੁਤ ਮਾੜੀ ਸੀ ਅਤੇ ਇਸ ਲਈ ਭਿਕਸ਼ੂ ਬਹੁਤ ਵਧੀਆ ਕਾਰਵਾਈ ਨਹੀਂ ਕਰ ਰਹੇ ਸਨ। ਪੱਛਮੀ ਲੋਕਾਂ ਵਿਚ, ਅਸੀਂ ਕੁਝ ਪੈਸਾ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਬਿਹਤਰ ਭੋਜਨ ਖਰੀਦਣ ਲਈ ਦਿੱਤਾ। ਅੰਤ ਵਿੱਚ, ਉਹਨਾਂ ਨੇ ਇਸ ਨੂੰ ਹੋਰ ਵੱਡਾ, ਬਿਹਤਰ ਮੰਦਰ ਬਣਾਉਣਾ ਜਾਰੀ ਰੱਖਣ ਲਈ ਹੋਰ ਇੱਟਾਂ ਖਰੀਦਣ ਲਈ ਵਰਤਿਆ! ਇਸ ਨੇ ਸੱਚਮੁੱਚ ਬਹੁਤ ਸਾਰੇ ਪੱਛਮੀ ਲੋਕਾਂ ਨੂੰ ਨਾਰਾਜ਼ ਕੀਤਾ, ਜਿਨ੍ਹਾਂ ਨੇ ਖਾਣਾ ਖਰੀਦਣ ਲਈ ਇਸ ਦੀ ਵਰਤੋਂ ਨਾ ਕਰਨ ਬਾਰੇ ਇਸਦਾ ਵੱਡਾ ਮੁੱਦਾ ਬਣਾਇਆ। ਹੱਲ ਇਹ ਸੀ ਕਿ ਜੇ ਅਸੀਂ ਚਾਹੁੰਦੇ ਕਿ ਉਹ ਬਿਹਤਰ ਖਾਣ, ਤਾਂ ਸਾਨੂੰ ਅਸਲ ਵਿੱਚ ਉਨ੍ਹਾਂ ਲਈ ਭੋਜਨ ਖਰੀਦਣਾ ਪੈਂਦਾ। ਫਿਰ ਉਨ੍ਹਾਂ ਨੂੰ ਇਹ ਖਾਣਾ ਪੈਂਦਾ! ਇਸ ਲਈ ਸਾਨੂੰ ਥੋੜ੍ਹਾ ਚਲਾਕ ਹੋਣਾ ਪਿਆ। ਫਿਰ ਵੀ, ਸਾਨੂੰ ਉਨ੍ਹਾਂ ਲਈ ਉਹ ਖਰੀਦਣਾ ਪਿਆ ਜੋ ਉਹ ਖਾਣਾ ਪਸੰਦ ਕਰਦੇ ਹਨ, ਅਤੇ ਤਿੱਬਤੀ ਲੋਕਾਂ ਲਈ ਜਿਸਦਾ ਮਤਲਬ ਹੈ ਮੀਟ, ਭਾਵੇਂ ਕਿ ਕੁਝ ਪੱਛਮੀ ਲੋਕਾਂ ਨੇ ਮਨਜ਼ੂਰ ਨਹੀਂ ਕੀਤਾ। ਟੋਫੂ ਜਾਂ ਕੁਝ ਅਜਿਹਾ ਖਰੀਦਣਾ ਜੋ ਉਹ ਕਦੇ ਨਾ ਖਾਂਦੇ ਅਸਲ ਵਿੱਚ ਉਚਿਤ ਨਹੀਂ ਹੈ।
ਭਾਵੇਂ ਮੈਂ ਲਗਭਗ ਹਰ ਰੋਜ਼ ਸਰਕੋਂਗ ਰਿਨਪੋਚੇ (Serkong Rinpoche) ਨੂੰ ਮਿਲਦਾ ਹੁੰਦਾ ਸੀ, ਮੈਂ ਹਮੇਸ਼ਾਂ ਉਸ ਲਈ ਕੋਈ ਨਾ ਕੋਈ ਚੀਜ਼ ਲਿਆਉਂਦਾ ਸੀ। ਕੁਝ ਦੇਰ ਬਾਅਦ ਉਹ ਮੇਰੇ ਉੱਤੇ ਝਿੜਕੇ ਅਤੇ ਕਿਹਾ, “ਤੁਸੀਂ ਮੇਰੇ ਲਈ ਇਹ ਸਾਰੇ ਕਾਟਾਸ ਅਤੇ ਧੂਪ ਕਿਉਂ ਲਿਆ ਰਹੇ ਹੋ? ਮੈਨੂੰ ਇਸ ਕੂੜੇ ਦੀ ਲੋੜ ਨਹੀਂ!" ਉਹਨਾਂ ਨੇ ਇਸਨੂੰ ਕੂੜਾ ਕਿਹਾ! "ਮੈਂ 1,000 ਕਾਟਾਸ ਦਾ ਕੀ ਕਰਾਂਗਾ?" ਉਹਨਾਂ ਨੇ ਕਿਹਾ, “ਜੇ ਤੁਸੀਂ ਚੀਜ਼ਾਂ ਲਿਆਉਣਾ ਚਾਹੁੰਦੇ ਹੋ, ਤਾਂ ਮੇਰੇ ਲਈ ਉਹ ਚੀਜ਼ ਲਿਆਓ ਜੋ ਮੈਂ ਪਸੰਦ ਕਰਦਾ ਹਾਂ ਅਤੇ ਇਸਤੇਮਾਲ ਕਰ ਸਕਦਾ ਹਾਂ।” ਮੈਨੂੰ ਪਤਾ ਸੀ ਕਿ ਉਹ ਕੇਲਾ ਪਸੰਦ ਕਰਦੇ ਹਨ, ਇਸ ਲਈ ਮੈਂ ਉਹਨਾਂ ਲਈ ਕੇਲਾ ਲਿਆਉਂਦਾ। ਜੇ ਅਸੀਂ ਦੂਜਿਆਂ ਨੂੰ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਹੁਨਰਮੰਦ ਹੋਣਾ ਚਾਹੀਦਾ ਹੈ ਅਤੇ ਜੋ ਉਹ ਪਸੰਦ ਕਰਦੇ ਹਨ ਉਹ ਦੇਣਾ ਚਾਹੀਦਾ ਹੈ। ਮੇਰੇ ਤੇ ਵਿਸ਼ਵਾਸ ਕਰੋ, ਉਨ੍ਹਾਂ ਲਾਮਿਆਂ ਕੋਲ ਬਹੁਤ ਸਾਰਾ ਧੂਪ ਪਿਆ ਹੈ!
ਉਸੇ ਬਿੰਦੂ 'ਤੇ, ਚੰਗੀ ਕੁਆਲਟੀ ਦੀਆਂ ਚੀਜ਼ਾਂ ਲਿਆਉਣਾ ਮਹੱਤਵਪੂਰਨ ਹੈ, ਨਾ ਕਿ ਸਿਰਫ ਉਹ ਚੀਜ਼ਾਂ ਜੋ ਅਸੀਂ ਖੁਦ ਪਸੰਦ ਨਹੀਂ ਕਰਦੇ ਜਾਂ ਜਿਸਦਾ ਸਾਡੇ ਲਈ ਕੋਈ ਉਪਯੋਗ ਨਹੀਂ ਹੈ। ਅਜਿਹੇ ਲੋਕ ਹਨ ਜੋ ਕਦੇ ਵੀ ਕਿਸੇ ਚੀਜ਼ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ, ਇਸ ਲਈ ਅਸੀਂ ਕਹਿ ਸਕਦੇ ਹਾਂ, “ਕਿਸੇ ਨੇ ਮੈਨੂੰ ਇਹ ਦਿੱਤਾ ਹੈ ਅਤੇ ਮੈਂ ਇਸ ਦੀ ਵਰਤੋਂ ਕਦੇ ਨਹੀਂ ਕਰਾਂਗਾ। ਕ੍ਰਿਪਾ ਕਰਕੇ, ਇਸ ਨੂੰ ਲੈ ਲਵੋ। ਮੈਂ ਇਸ ਨੂੰ ਬਾਹਰ ਨਹੀਂ ਸੁੱਟਣਾ ਚਾਹੁੰਦਾ।” ਅਜਿਹੀਆਂ ਚੀਜ਼ਾਂ ਵੀ ਹਨ ਜੋ ਦੇਣੀਆਂ ਅਣਉਚਿਤ ਹੁੰਦੀਆਂ ਹਨ, ਜਿਵੇਂ ਕਿ ਸ਼ਾਕਾਹਾਰੀ ਨੂੰ ਹੈਮਬਰਗਰ। ਜੇ ਕੋਈ ਕਿਸੇ ਖਾਸ ਖੁਰਾਕ ਦਾ ਪਾਲਣ ਕਰਦਾ ਹੈ, ਤਾਂ ਅਸੀਂ ਉਸ ਦਾ ਸਾਥ ਦਿੰਦੇ ਹਾਂ। ਅਸੀਂ ਕਿਸੇ ਅਜਿਹੇ ਨੂੰ ਕੇਕ ਨਹੀਂ ਦਿੰਦੇ ਜੋ ਸਖਤ ਖੁਰਾਕ ਦਾ ਪਾਲਣ ਕਰ ਰਿਹਾ ਹੈ!
ਧਰਮ ਦਾ ਦਾਨ ਕਰਨਾ
ਧਰਮ ਦੇਣ ਦੇ ਮਾਮਲੇ ਵਿਚ, ਜੇ ਕੋਈ ਗੁੱਸੇ, ਲਗਾਵ, ਹੰਕਾਰ, ਜਾਂ ਸਿਰਫ ਵਿਹਲੀ ਉਤਸੁਕਤਾ ਦੀ ਪ੍ਰੇਰਣਾ ਨਾਲ ਸਾਡੇ ਨਾਲ ਬਹਿਸ ਕਰਨਾ ਚਾਹੁੰਦਾ ਹੈ, ਤਾਂ ਸਾਨੂੰ ਉਨ੍ਹਾਂ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਜਾਂ ਬੋਧੀ ਗ੍ਰੰਥਾਂ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੀਦੀ। ਅਸੀਂ ਸਿਰਫ ਉਸ ਸਮੇਂ ਉਨ੍ਹਾਂ ਲੋਕਾਂ ਨੂੰ ਧਰਮ ਸਿਖਾਉਂਦੇ ਹਾਂ ਅਤੇ ਉਹਨਾਂ ਨਾਲ ਵਿਚਾਰ ਵਟਾਂਦਰੇ ਕਰਦੇ ਹਾਂ ਜੋ ਗ੍ਰਹਿਣਸ਼ੀਲ ਹਨ। ਜੇ ਕੋਈ ਗ੍ਰਹਿਣਸ਼ੀਲ ਨਹੀਂ ਹੈ, ਤਾਂ ਉਨ੍ਹਾਂ ਨੂੰ ਸਿਖਾਉਣਾ ਜਾਂ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕਰਨਾ ਅਣਉਚਿਤ ਹੈ। ਦਰਅਸਲ, ਇਹ ਸਮੇਂ ਦੀ ਬਰਬਾਦੀ ਹੈ, ਅਤੇ ਇਹ ਸਿਰਫ ਉਨ੍ਹਾਂ ਦੇ ਮਨ ਦੀ ਨਕਾਰਾਤਮਕ ਸਥਿਤੀ, ਅਤੇ ਉਨ੍ਹਾਂ ਦੀ ਦੁਸ਼ਮਣੀ ਨੂੰ ਵਧਾਉਂਦਾ ਹੈ। ਅਸੀਂ ਉਨ੍ਹਾਂ ਨੂੰ ਸਿਖਾਉਂਦੇ ਹਾਂ ਜੋ ਖੁੱਲੇ ਦਿਮਾਗ ਵਾਲੇ ਹਨ ਅਤੇ ਜੋ ਸਿੱਖਣਾ ਚਾਹੁੰਦੇ ਹਨ।
ਜੇ ਅਸੀਂ ਸਿਖਾਉਂਦੇ ਹਾਂ, ਤਾਂ ਅਸੀਂ ਦੂਜੇ ਵਿਅਕਤੀ ਦੇ ਪੱਧਰ 'ਤੇ ਸਿਖਾਉਂਦੇ ਹਾਂ। ਅਸੀਂ ਆਪਣੀ ਸਿਖਲਾਈ ਅਤੇ ਗਿਆਨ ਦੇ ਪੂਰੇ ਸਮੁੰਦਰ ਨੂੰ ਉਨ੍ਹਾਂ 'ਤੇ ਸਿਰਫ ਇਹ ਸਾਬਤ ਕਰਨ ਲਈ ਨਹੀਂ ਸੁੱਟ ਦਿੰਦੇ ਕਿ ਅਸੀਂ ਕਿੰਨੇ ਚਲਾਕ ਹਾਂ। ਅਸੀਂ ਉਸ ਸਮੇਂ ਤੱਕ ਬਹੁਤ ਜ਼ਿਆਦਾ ਉੱਨਤ ਸਿੱਖਿਆ ਨਹੀਂ ਦਿੰਦੇ, ਜਦੋਂ ਤੱਕ ਇਸਦਾ ਥੋੜਾ ਜਿਹਾ ਸੁਆਦ ਦੇਣਾ ਮਦਦਗਾਰ ਨਹੀਂ ਹੁੰਦਾ। ਕਈ ਵਾਰ, ਵਧੇਰੇ ਉੱਨਤ ਸਿੱਖਿਆ ਲੋਕਾਂ ਨੂੰ ਇਸ ਦੀ ਕੋਸ਼ਿਸ਼ ਕਰਨ ਅਤੇ ਸਮਝਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ, ਅਤੇ ਇਹ ਵੀ ਮਦਦਗਾਰ ਹੁੰਦਾ ਹੈ ਜੇ ਕੋਈ ਵਿਅਕਤੀ ਥੋੜਾ ਜਿਹਾ ਹੰਕਾਰੀ ਹੋਵੇ। ਕਈ ਵਾਰ ਪਰਮ ਪਵਿੱਤਰ ਦਲਾਈ ਲਾਮਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਲਈ ਬਹੁਤ ਗੁੰਝਲਦਾਰ ਤਰੀਕੇ ਨਾਲ ਸਿਖਾਉਂਦੇ ਹਨ, ਇਹ ਦਰਸਾਉਣ ਲਈ ਕਿ ਬੋਧੀ ਸਿੱਖਿਆਵਾਂ ਕਿੰਨੀਆਂ ਸੂਝਵਾਨ ਹਨ। ਇਹ ਅਜਿਹੀ ਕਿਸੇ ਵੀ ਧਾਰਨਾ ਨੂੰ ਤੋੜਣ ਵਿੱਚ ਸਹਾਇਤਾ ਕਰਦਾ ਹੈ ਕਿ ਬੁੱਧ ਧਰਮ ਪ੍ਰਾਚੀਨ ਜਾਂ ਪਛੜਿਆ ਹੋਇਆ ਹੈ।
ਮੈਨੂੰ ਯਾਦ ਹੈ ਕਿ ਇਕ ਵਾਰ ਸਰਕੋਂਗ ਰਿਨਪੋਚੇ (Serkong Rinpoche) ਨੇ ਪੱਛਮੀ ਧਰਮ ਕੇਂਦਰ ਦਾ ਦੌਰਾ ਕੀਤਾ ਸੀ, ਅਤੇ ਉਹ ਚਾਹੁੰਦੇ ਸਨ ਕਿ ਉਹ ਸਿਰਫ ਦੋ ਦਿਨਾਂ ਵਿਚ ਸ਼ਾਂਤੀਦੇਵਾ (Shantideva) ਦੇ ਪਾਠ ਵਿਚੋਂ ਖਾਲੀਪਣ (ਇੱਕਲਤਾ) ਬਾਰੇ ਅਧਿਆਇ ਸਿਖਾਉਣ। ਇਹ ਵਾਕਿਈ ਮੁਰਖਤਾ ਭਰੀ ਸੋਚ ਹੈ! ਪਾਠ ਦੇ ਇਸ ਹਿੱਸੇ ਨੂੰ ਚੰਗੀ ਤਰ੍ਹਾਂ ਪਚਾਉਣ ਵਿੱਚ ਵਿਚ ਇਕ ਸਾਲ ਜਾਂ ਐਨਾਂ ਕੁ ਸਮਾਂ ਲੱਗਦਾ ਹੈ। ਰਿਨਪੋਚੇ (Rinpoche) ਨੇ ਇਸ ਨੂੰ ਬਹੁਤ ਹੀ ਉੱਨਤ ਅਤੇ ਗੁੰਝਲਦਾਰ ਪੱਧਰ 'ਤੇ ਅਧਿਆਇ ਦੇ ਪਹਿਲੇ ਕੁਝ ਸ਼ਬਦਾਂ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ, ਇਹ ਦਿਖਾਉਣ ਲਈ ਕਿ, ਹਰੇਕ ਸ਼ਬਦ ਦੇ ਨਾਲ, ਇਹ ਕਿੰਨਾ ਗੁੰਝਲਦਾਰ ਹੁੰਦਾ ਜਾਂਦਾ ਹੈ। ਕੋਈ ਵੀ ਸਮਝ ਨਹੀਂ ਸਕਿਆ ਕਿ ਉਹ ਕੀ ਕਹਿ ਰਹੇ ਸਨ, ਜਿਸ ਨੇ ਇਹ ਵੀ ਦਰਸਾਇਆ ਕਿ ਇਹ ਸੋਚਣਾ ਕਿੰਨਾ ਹੰਕਾਰੀ ਪ੍ਰਵਿਰਤੀ ਵਾਲਾ ਸੀ ਕਿ ਇਹ ਵਿਸ਼ਾ ਸਿਰਫ ਦੋ ਦਿਨਾਂ ਦੀ ਸਿੱਖਿਆ ਵਿਚ ਸਿਖਾਇਆ ਜਾਂ ਜੋੜਿਆ ਜਾ ਸਕਦਾ ਸੀ। ਫਿਰ ਉਹ ਉਨ੍ਹਾਂ ਦੇ ਪੱਧਰ 'ਤੇ ਧੀਮੇ ਹੋ ਗਏ ਅਤੇ ਪਾਠ ਦੇ ਇਕ ਛੋਟੇ ਜਿਹੇ ਹਿੱਸੇ ਦੀ ਆਮ ਅਰਥਾਂ ਵਿੱਚ ਵਿਆਖਿਆ ਕੀਤੀ।
ਜਦੋਂ ਪਰਮ ਪਵਿੱਤਰ ਦਲਾਈ ਲਾਮਾ ਵੱਡੀ ਭੀੜ ਨੂੰ ਸਿਖਾਉਂਦੇ ਹਨ, ਤਾਂ ਉਹ ਉੱਥੋਂ ਦੇ ਲੋਕਾਂ ਦੇ ਹਰੇਕ ਪੱਧਰ ਲਈ ਥੋੜਾ ਬਹੁਤ ਸਿਖਾਉਂਦੇ ਹਨ। ਜ਼ਿਆਦਾਤਰ ਸਮਾਂ, ਉਹ ਬਹੁਤ ਹੀ ਉੱਨਤ ਪੱਧਰ 'ਤੇ ਸਿਖਾਉਂਦੇ ਹਨ, ਕਿਸੇ ਵੀ ਮਹਾਨ ਲਾਮਾ, ਮੌਜੂਦ ਗੇਸ਼ਾਸ ਅਤੇ ਖੇਨਪੋਸ ਵੱਲ ਨਿਰਦੇਸ਼ਤ ਕਰਦੇ ਹਨ। ਕਿਉਂਕਿ ਉਹ ਹਰ ਕਿਸੇ ਨਾਲੋਂ ਵਧੇਰੇ ਉੱਨਤ ਹਨ, ਉਹ ਉਨ੍ਹਾਂ ਨੂੰ ਇਸ ਪੱਧਰ 'ਤੇ ਸਿਖਾ ਸਕਦੇ ਹਨ, ਅਤੇ ਫਿਰ ਉਹ ਆਪਣੇ ਵਿਦਿਆਰਥੀਆਂ ਵੱਲ ਮੁੜ ਕੇ ਇਸ ਨੂੰ ਘੱਟ ਗੁੰਝਲਦਾਰ ਤਰੀਕੇ ਨਾਲ ਸਮਝਾ ਸਕਦੇ ਹਨ। ਇਸ ਕਿਸਮ ਦੀ ਸਥਿਤੀ ਵਿੱਚ, ਕੋਈ ਹੋਰ ਸਭ ਤੋਂ ਘੱਟ ਆਮ ਵਿਅਕਤੀ ਨੂੰ ਨਹੀਂ ਸਿਖਾਉਂਦਾ, ਕਿਉਂਕਿ ਦੂਸਰੇ ਉਸ ਪੱਧਰ ਦੀ ਦੇਖਭਾਲ ਕਰ ਸਕਦੇ ਹਨ। ਤੁਸੀਂ ਸਭ ਤੋਂ ਉੱਚੇ ਪੱਧਰ ਨੂੰ ਸਿਖਾਉਂਦੇ ਹੋ, ਤਾਂ ਜੋ ਇਹ ਰੈਂਕਾਂ ਦੁਆਰਾ ਹੇਠਾਂ ਜਾ ਸਕੇ, ਜਿਵੇਂ ਕਿ ਅਜਿਹਾ ਹੁੰਦਾ ਸੀ।
ਅੰਤ ਵਿੱਚ, ਸਿਰਫ ਉਨ੍ਹਾਂ ਨੂੰ ਸਿੱਖਿਆ ਦੇਣੀ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਇਸਦੀ ਜ਼ਰੂਰਤ ਹੈ। ਜੇ ਕਿਸੇ ਨੂੰ ਇਸਦੀ ਜ਼ਰੂਰਤ ਨਹੀਂ ਹੈ ਬਲਕਿ ਉਹ ਸਿਰਫ ਲਾਲਚ ਅਤੇ ਲਗਾਵ ਦੇ ਕਾਰਨ ਇਹ ਚਾਹੁੰਦਾ ਹੈ – ਜਿਵੇਂ ਬੱਚੇ ਸਾਰਾ ਦਿਨ ਚਾਕਲੇਟ ਮੰਗਦੇ ਰਹਿੰਦੇ ਹਨ – ਫਿਰ ਦੇਣਾ ਉਚਿਤ ਨਹੀਂ ਹੈ। ਸਾਨੂੰ ਇਹ ਨਿਰਧਾਰਤ ਕਰਨ ਲਈ ਆਪਣੀ ਵਿਤਕਰਾਤਮਕ ਜਾਗਰੂਕਤਾ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ ਕਿ ਕੀ, ਕਦੋਂ ਅਤੇ ਕਿਸ ਨੂੰ ਦੇਣਾ ਉਚਿਤ ਅਤੇ ਅਣਉਚਿਤ ਹੈ। ਤਰੁਨਗਪਾ ਰਿਨਪੋਚੇ (Trungpa Rinpoche) ਹੈਰਾਨੀਜਨਕ ਸ਼ਬਦ "ਮੂਰਖਤਾ ਵਾਲੀ ਹਮਦਰਦੀ" ਕਹਿੰਦੇ ਹਨ; ਸਾਨੂੰ ਹਰੇਕ ਦੀ ਉਸ ਸੱਭ ਕੰਮਾਂ ਵਿੱਚ ਮੱਦਦ ਨਹੀਂ ਕਰਨੀ ਚਾਹੀਦੀ ਜੋ ਉਹ ਚਾਹੁੰਦੇ ਹਨ, ਇਹ ਕਾਫ਼ੀ ਮੂਰਖਤਾਪੂਰਨ ਹੋ ਸਕਦਾ ਹੈ! ਸਾਡੀ ਉਦਾਰਤਾ ਸਾਡੀ ਬੁੱਧੀ ਅਨੁਸਾਰ ਹੋਣੀ ਚਾਹੀਦੀ ਹੈ।
ਸੰਖੇਪ
ਉਦਾਰਤਾ ਦਿਖਾਉਣ ਲਈ ਸਾਨੂੰ ਅਮੀਰ ਬਣਨ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਮਾਲਕ ਹੋਣ ਦੀ ਲੋੜ ਨਹੀਂ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੱਥੇ ਹਾਂ ਜਾਂ ਅਸੀਂ ਕੀ ਕਰ ਰਹੇ ਹਾਂ, ਅਸੀਂ ਮਾਨਸਿਕ ਤੌਰ 'ਤੇ ਉਹ ਸਭ ਕੁਝ ਸਾਂਝਾ ਕਰਕੇ ਇੱਕ ਖੁੱਲ੍ਹੇ ਦਿਲ ਦਾ ਵਿਕਾਸ ਕਰਨਾ ਸ਼ੁਰੂ ਕਰ ਸਕਦੇ ਹਾਂ ਜਿਸਦਾ ਅਸੀਂ ਖੁੱਦ ਅਨੰਦ ਲੈਂਦੇ ਹਾਂ – ਤਾਜ਼ੀ ਹਵਾ ਜੋ ਅਸੀਂ ਸਾਹ ਰਾਹੀਂ ਅੰਦਰ ਲੈਂਦੇ ਹਾਂ, ਸ਼ਾਨਦਾਰ ਸੂਰਜ ਡੁੱਬਣ ਦਾ ਅਸੀਂ ਅਨੰਦ ਲੈਂਦੇ ਹਾਂ, ਸੁਆਦੀ ਭੋਜਨ ਜੋ ਅਸੀਂ ਖਾਂਦੇ ਹਾਂ। ਇੱਛਾ ਕਿ ਦੂਸਰੇ ਵੀ ਹਰ ਚੀਜ਼ ਦਾ ਅਨੰਦ ਲੈ ਸਕਣ ਜਿਹਨਾਂ ਦਾ ਅਸੀਂ ਲੈਂਦੇ ਹਾਂ ਅਗਲੇ ਕਦਮ ਦਾ ਅਧਾਰ ਹੈ, ਜਿੱਥੇ ਅਸੀਂ ਅਸਲ ਵਿੱਚ ਦੂਜਿਆਂ ਨੂੰ ਉਹ ਦਿੰਦੇ ਹਾਂ ਜੋ ਉਨ੍ਹਾਂ ਨੂੰ ਚਾਹੀਦਾ ਹੈ।
ਜੇ ਅਸੀਂ ਯੋਗ ਹਾਂ, ਤਾਂ ਪਦਾਰਥਕ ਸਹਾਇਤਾ ਦੇਣਾ ਬਹੁਤ ਵਧੀਆ ਹੈ, ਪਰ ਅਸੀਂ ਆਪਣੇ ਸਮੇਂ ਅਤੇ ਊਰਜਾ ਨਾਲ ਵੀ ਉਦਾਰ ਹੋ ਸਕਦੇ ਹਾਂ। ਜਦੋਂ ਅਸੀਂ ਖ਼ੁਸ਼ੀ ਨਾਲ ਅਤੇ ਸ਼ੁੱਧ ਪ੍ਰੇਰਣਾ ਨਾਲ ਦਿੰਦੇ ਹਾਂ, ਤਾਂ ਉਦਾਰਤਾ ਇਕ ਸ਼ਕਤੀ ਬਣ ਜਾਂਦੀ ਹੈ ਜੋ ਸਾਡੇ ਅਤੇ ਦੂਜੇ ਲੋਕਾਂ ਦੀ ਖ਼ੁਸ਼ਹਾਲੀ ਅਤੇ ਖ਼ੁਸ਼ੀ ਨੂੰ ਸੁਰੱਖਿਅਤ ਕਰਦੀ ਹੈ।